
ਕਣਕ ਦੇ ਘੱਟ ਝਾੜ ਕਾਰਨ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਘਰ ਪੁੱਜੇ ਸਿੱਧੂ
ਬਠਿੰਡਾ/ਮੌੜ 22 ਅਪ੍ਰੈਲ (ਪਰਵਿੰਦਰ ਜੀਤ ਸਿੰਘ) : ਮੌਸਮ ਦੀ ਮਾਰ ਕਰ ਕੇ ਇਸ ਵਾਰ ਕਣਕ ਦਾ ਝਾੜ 15 ਤੋਂ 20 ਕੁਇੰਟਲ ਪ੍ਰਤੀ ਏਕੜ ਘੱਟ ਨਿਕਲਿਆ ਹੈ, ਜਿਸ ਕਰ ਕੇ ਕਿਸਾਨਾਂ ਨੂੰ ਵੱਡੀਆਂ ਮੁਸਕਲਾਂ ਦਾ ਸਾਹਮਣਾ ਕਰਨ ਦੇ ਨਾਲ ਆਰਥਕ ਨੁਕਸਾਨ ਵੀ ਝੱਲਣਾ ਪਿਆ | ਬੀਤੇ ਦਿਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਾਈਸਰਖਾਨਾ ਦੇ ਕਿਸਾਨ ਜਗਮੇਲ ਸਿੰਘ, ਪਿੰਡ ਮਾਨਸਾ ਖੁਰਦ ਦੇ ਕਿਸਾਨ ਗੁਰਦੀਪ ਸਿੰਘ, ਪਿੰਡ ਭਾਗੀ ਬਾਂਦਰ ਦੇ ਇਕ ਹੋਰ ਕਿਸਾਨ ਅਤੇ ਜ਼ਿਲ੍ਹਾ ਮਾਨਸਾ ਦੇ ਪਿੰਡ ਭਾਦੜਾ ਦੇ ਕਿਸਾਨ ਮੱਖਣ ਸਿੰਘ ਨੇ ਕਣਕ ਦੇ ਘੱਟ ਝਾੜ ਅਤੇ ਕਰਜ਼ੇ ਦੀ ਮਾਰ ਤੋਂ ਦੁਖੀ ਹੋ ਕੇ ਮੌਤ ਗਲੇ ਲਾ ਲਈ ਸੀ |
ਕਣਕ ਦੇ ਘੱਟ ਝਾੜ ਕਾਰਨ ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪ੍ਰਵਾਰਾਂ ਨਾਲ ਦੁੱਖ ਪ੍ਰਗਟ ਕਰਨ ਲਈ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਪਹੁੰਚੇ ਤੇ ਉਨ੍ਹਾਂ ਪ੍ਰਵਾਰਾਂ ਨਾਲ ਦੁੱਖ ਪ੍ਰਗਟ ਕਰਦੇ ਹੋਏ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਿ੍ਤਕ ਕਿਸਾਨ ਦੇ ਪ੍ਰਵਾਰ ਨੂੰ 20 ਲੱਖ ਰੁਪਏ ਮੁਆਵਜ਼ਾ, ਪ੍ਰਵਾਰਕ ਮੈਂਬਰਾਂ ਨੂੰ ਨੌਕਰੀ ਅਤੇ ਸਾਰਾ ਕਰਜ਼ਾ ਮਾਫ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਪ੍ਰੈੱਸ ਕਾਨਫ਼ਰੰਸ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਦਾਲਾਂ ਤੇ ਐਮਐਸਪੀ ਦੇਣ ਦੀ ਗੱਲ ਕਰਦੇ ਹਨ ਉਹ ਦਾਲਾਂ ਸਮੇਤ ਫ਼ਸਲਾਂ ਤੇ ਲਾਗਤ ਤੋਂ ਲਾਭ ਵਾਲੇ ਮੁੱਲ ਤਹਿਤ ਐਮਐਸਪੀ ਦੇਣੀ ਯਕੀਨੀ ਬਣਾਉਣ ਤਾਂ ਜੋ ਕਿਸਾਨ ਕਣਕ-ਝੋਨੇ ਦੇ ਨਾਲ ਬਦਲਵੀਆਂ ਫ਼ਸਲਾਂ ਵਲ ਵਧ ਸਕਣ ਅਤੇ ਆਰਥਕ ਨੁਕਸਾਨ ਵਿਚੋਂ ਨਿਕਲ ਕੇ ਖੁਦਕੁਸੀਆਂ ਦਾ ਰਾਹ ਛੱਡ ਸਕਣ |
ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨੀ ਕਿੱਤਾ ਬਰਬਾਦੀ ਵਲ ਵਧ ਰਿਹਾ ਹੈ ,ਜਿਸ ਕਰ ਕੇ ਕਿਸਾਨਾਂ ਨੂੰ ਫ਼ਸਲਾਂ ਦੇ ਪੂਰੇ ਭਾਅ ਨਾ ਮਿਲਣ ਅਤੇ ਖੇਤੀ ਲਾਗਤ ਬੀਜ ,ਖਾਦ, ਸਪਰੇਅ,ਬਿਜਲੀ, ਪਾਣੀ, ਤੇਲ ਮਹਿੰਗੇ ਹੋਣ ਕਰ ਕੇ ਆਰਥਕ ਬੋਝ ਵਧ ਰਿਹਾ ਹੈ ਅਤੇ ਫ਼ਸਲਾਂ ਦੇ ਪੂਰੇ ਭਾਅ ਨਾ ਮਿਲਣ ਕਰ ਕੇ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ,ਜਿਸ ਕਰ ਕੇ ਇਨ੍ਹਾਂ 4-5 ਸਾਲਾਂ ਵਿੱਚ 8 ਹਜਾਰ ਤੋਂ ਵੱਧ ਕਿਸਾਨ ਖੁਦਕੁਸੀਆਂ ਕਰ ਗਏ ਜਿਸ ਲਈ ਮਾੜੀਆਂ ਸਰਕਾਰਾਂ ਜ਼ਿੰਮੇਵਾਰ ਹਨ | ਨਵਜੋਤ ਸਿੰਘ ਸਿੱਧੂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਤੋਂ ਪਹਿਲਾਂ ਸਰਕਾਰ ਬਣਨ ਤੇ ਕਿਸੇ ਵੀ ਕਿਸਾਨ ਨੂੰ ਖੁਦਕੁਸੀ ਨਾ ਕਰਨ ਦਾ ਵਾਅਦਾ ਕਰਨ ਵਾਲੇ ਬਿਆਨ ਨੂੰ ਯਾਦ ਕਰਵਾਇਆ ਤੇ ਕਿਹਾ ਕਿ ਹੁਣ ਪੰਜਾਬ ਵਿੱਚ ਕਿਸਾਨ ਘੱਟ ਝਾੜ ਕਰਕੇ ਮਰ ਰਹੇ ਹਨ ਤਾਂ ਫਿਰ ਸਰਕਾਰ ਕਿਸਾਨਾਂ ਨੂੰ ਬੋਨਸ ਦੇਣ ਸਮੇਤ ਬਾਂਹ ਕਿਉਂ ਨਹੀਂ ਫੜ ਰਹੀ | ਨਵਜੋਤ ਸਿੰਘ ਸਿੱਧੂ ਸਿਆਸੀ ਬਿਆਨਬਾਜੀ ਤੋਂ ਪਾਸੇ ਹਟ ਕੇ ਕਿਸਾਨੀ ਸਮੱਸਿਆਵਾਂ ਤੇ ਡਟ ਕੇ ਬੋਲੇ ਅਤੇ ਕਿਹਾ ਕਿ ਉਹ ਪੰਜਾਬ ਵਾਸੀਆਂ ਦੇ ਹਿੱਤ ਵਿੱਚ ਹਮੇਸਾਂ ਨਿਡਰਤਾ ਨਾਲ ਪਹਿਰੇਦਾਰੀ ਕਰਦੇ ਰਹਿਣਗੇ ਅਤੇ ਪੰਜਾਬ ਨੂੰ ਖੁਸਹਾਲ ਸੂਬਾ ਬਣਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ |ਇਸ ਮੌਕੇ ਉਨ੍ਹਾਂ ਬਿਜਲੀ ਦੇ ਵਧ ਰਹੇ ਸੰਕਟ ਤੇ ਵੀ ਚਿੰਤਾ ਪ੍ਰਗਟ ਕਰਦੇ ਹੋਏ ਪੂਰੇ ਪ੍ਰਬੰਧ ਕਰਨ ਦੀ ਮੰਗ ਕੀਤੀ | ਇਸ ਮੌਕੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਦਾਲਾਂ ਤੇ ਐੱਮਐੱਸਪੀ ਦੇਣ ਦੇ ਬਿਆਨ ਦੀ ਸਲਾਘਾ ਕੀਤੀ ਅਤੇ ਕਿਹਾ ਕਿ ਜੇਕਰ ਸਰਕਾਰ ਕੁਝ ਚੰਗਾ ਕੰਮ ਕਰੇਗੀ ਤਾਂ ਉਸ ਦੀ ਤਾਰੀਫ ਵੀ ਕਰਾਂਗੇ ਤੇ ਜੇ ਕੋਈ ਗਲਤ ਕੰਮ ਕਰੇਗਾ ਤਾਂ ਉਸ ਦਾ ਡਟ ਕੇ ਵਿਰੋਧ ਹੋਵੇਗਾ | ਇਸ ਮੌਕੇ ਉਨਾ ਮਾਨ ਸਰਕਾਰ ਵੱਲੋਂ ਕਰਜੇ ਦੀ ਭਰਪਾਈ ਲਈ ਕਿਸਾਨਾਂ ਵਿਰੁਧ ਗਿ੍ਫਤਾਰੀਆਂ ਦੇ ਕੱਢੇ ਵਾਰੰਟ ਰੱਦ ਕਰਨ ਦੇ ਫੈਸਲੇ ਦੀ ਸਲਾਘਾ ਕੀਤੀ | ਇਸ ਮੌਕੇ ਉਨ੍ਹਾਂ ਦੇ ਨਾਲ ਜਗਦੇਵ ਸਿੰਘ ਕਮਾਲੂ ਸਮੇਤ ਜ਼ਿਲ੍ਹਾ ਬਠਿੰਡਾ ਦੇ ਕਾਂਗਰਸ ਤੋਂ ਨਾਰਾਜ ਕਾਂਗਰਸੀ ਵੀ ਹਾਜਰ ਸਨ |
ਫੋਟੋ (ਕਰਨਵੀਰ ਸਿੰਘ ਧਾਲੀਵਾਲ )