
ਪੀੜਤ ਔਰਤ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
Punjab News: ਜਗਰਾਉਂ 'ਚ ਘਰੇਲੂ ਝਗੜੇ ਨੂੰ ਲੈ ਕੇ ਘਰ 'ਚ ਦਾਖਲ ਹੋਏ ਰਿਸ਼ਤੇਦਾਰ ਨੇ ਮਾਂ-ਧੀ 'ਤੇ ਹਮਲਾ ਕਰਕੇ ਔਰਤ ਦੇ ਕੱਪੜੇ ਪਾੜ ਦਿਤੇ। ਹਾਲਾਂਕਿ ਇਸ ਦੌਰਾਨ ਔਰਤ ਨੇ ਰੌਲਾ ਪਾਇਆ, ਜਿਸ ਕਾਰਨ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚ ਗਏ। ਇਹ ਦੇਖ ਕੇ ਮੁਲਜ਼ਮ ਉਥੋਂ ਫਰਾਰ ਹੋ ਗਿਆ। ਪੀੜਤ ਔਰਤ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਦਾਖਾ ਦੀ ਪੁਲਿਸ ਨੇ ਮੁਲਜ਼ਮ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਰਛਪਾਲ ਸਿੰਘ ਉਰਫ ਬਿੱਲੂ ਵਾਸੀ ਪਿੰਡ ਮੰਡਿਆਣੀ ਵਜੋਂ ਹੋਈ ਹੈ। ਫਿਲਹਾਲ ਮੁਲਜ਼ਮ ਫਰਾਰ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦਾਖਾ ਦੇ ਏਐਸਆਈ ਬਲਜੀਤ ਸਿੰਘ ਨੇ ਦਸਿਆ ਕਿ ਪੀੜਤ ਔਰਤ ਪ੍ਰਭਦੀਪ ਕੌਰ ਵਾਸੀ ਪਿੰਡ ਮੰਡਿਆਣੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਸ ਦਾ ਅਪਣੇ ਹੀ ਰਿਸ਼ਤੇਦਾਰ ਨਾਲ ਆਪਣੇ ਘਰ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਜਿਸ ਕਾਰਨ ਉਸ ਦਾ ਰਿਸ਼ਤੇਦਾਰ ਜ਼ਬਰਦਸਤੀ ਘਰ ਅੰਦਰ ਦਾਖਲ ਹੋ ਗਿਆ ਅਤੇ ਗਾਲੀ-ਗਲੋਚ ਕਰਨ ਲੱਗਿਆ।
ਜਦੋਂ ਉਸ ਨੇ ਗਾਲੀ-ਗਲੋਚ ਕਰਦੇ ਹੋਏ ਰਿਸ਼ਤੇਦਾਰ ਦੀ ਵੀਡੀਉ ਬਣਾਈ ਤਾਂ ਮੁਲਜ਼ਮ ਨੇ ਉਸ ’ਤੇ ਹਮਲਾ ਕਰ ਦਿਤਾ। ਇਸ ਦੌਰਾਨ ਉਸ ਦਾ ਮੋਬਾਈਲ ਫੋਨ ਹੱਥੋਂ ਤਿਲਕ ਕੇ ਜ਼ਮੀਨ 'ਤੇ ਡਿੱਗ ਗਿਆ। ਮੁਲਜ਼ਮ ਨੇ ਮੋਬਾਈਲ ਚੁੱਕ ਕੇ ਤੋੜ ਦਿਤਾ, ਤਾਂ ਜੋ ਵੀਡੀਉ ਨਾ ਬਣਾਈ ਜਾ ਸਕੇ। ਇਸ ਦੌਰਾਨ ਮੁਲਜ਼ਮ ਨੇ ਉਸ ਦੀ ਪਿੱਠ ’ਤੇ ਵਾਰ ਕਰ ਦਿਤਾ। ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਈ। ਇਸੇ ਦੌਰਾਨ ਮੁਲਜ਼ਮਾਂ ਨੇ ਉਸ ’ਤੇ ਮੁੜ ਹਮਲਾ ਕਰ ਦਿਤਾ ਅਤੇ ਉਸ ਦੇ ਕੱਪੜੇ ਪਾੜ ਦਿਤੇ। ਉਸ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਸ਼ਿਕਾਇਤ ਮਿਲਣ ਦੇ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਥਾਣਾ ਦਾਖਾ 'ਚ ਮੁਲਜ਼ਮ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਨੇ ਦਸਿਆ ਕਿ ਫਿਲਹਾਲ ਮੁਲਜ਼ਮ ਫਰਾਰ ਹੈ। ਪੁਲਿਸ ਵਲੋਂ ਉਸ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਜਲਦੀ ਹੀ ਮੁਲਜ਼ਮ ਨੂੰ ਫੜ ਲਵੇਗੀ।
(For more Punjabi news apart from Person attacked mother and daughter in Jagraon, stay tuned to Rozana Spokesman)