
ਬਹੁਤੀਆਂ ਥਾਵਾਂ ’ਤੇ ਅੱਗ ਦਾ ਕਾਰਨ ਬਿਜਲੀ ਦੀਆਂ ਤਾਰਾਂ ਅਤੇ ਟਰਾਂਸਫ਼ਾਰਮਰ
Punjab News: ਜਿਥੇ ਇਕ ਪਾਸੇ ਕਣਕ ਦੀ ਖੇਤਾਂ ਵਿਚ ਕਟਾਈ ਲਈ ਪੱਕੀ ਖੜੀ ਫ਼ਸਲ ਉਪਰ ਪਿਛਲੇ ਦਿਨਾਂ ਵਿਚ ਮੀਂਹ, ਹਨੇਰੀ ਤੇ ਝੱਖੜ ਦੀ ਮਾਰ ਪਈ ਹੈ ਉਥੇ ਖੇਤਾਂ ਵਿਚ ਪਿਛਲੇ ਕੁੱਝ ਦਿਨਾਂ ਤੋਂ ਲੱਗ ਰਹੀ ਅੱਗ ਨੇ ਵੀ ਕਿਸਾਨਾਂ ’ਤੇ ਕਹਿਰ ਢਾਹ ਰਹੀ ਹੈ। ਖੇਤਾਂ ਵਿਚ ਅੱਗ ਲਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕੁੱਝ ਥਾਵਾਂ ਉਪਰ ਤਾਂ 100 ਤੋਂ 200 ਏਕੜ ਤਕ ਫ਼ਸਲ ਅੱਗ ਨਾਲ ਸੜ ਕੇ ਸਵਾਹ ਹੋਈ ਹੈ।
ਸਰਕਾਰ ਵਲੋਂ ਇਨ੍ਹਾਂ ਘਟਨਾਵਾਂ ਦੇ ਵੇਰਵੇ ਹਾਲੇ ਭਾਵੇਂ ਇਕੱਤਰ ਨਹੀਂ ਕੀਤੇ ਜਾ ਰਹੇ ਅਤੇ ਨਾ ਹੀ ਕੋਈ ਗਿਰਦਵਾਰੀ ਆਦਿ ਦੇ ਹੁਕਮ ਦਿਤੇ ਹਨ। ਕੁੱਝ ਕੁ ਥਾਵਾਂ ਉਪਰ ਲੋਕਲ ਅਧਿਕਾਰੀ ਜ਼ਰੂਰ ਮੌਕਾ ਦੇਖਣ ਗਏ ਹਨ ਤੇ ਮੁਆਵਜ਼ੇ ਦਾ ਭਰੋਸਾ ਦਿਤਾ ਹੈ। ਜੇ ਸੂਬੇ ਵਿਚ ਪਿਛਲੇ 4-5 ਦਿਨਾਂ ਦੌਰਾਨ ਖੇਤਾਂ ਵਿਚ ਲੱਗੀ ਅੱਗ ਦੀਆਂ ਘਟਨਾਵਾਂ ਦਾ ਅਨੁਮਾਨ ਲਾਇਆ ਜਾਵੇ ਤਾਂ, ਸਾਹਮਣੇ ਆਈਆਂ ਰੀਪੋਰਟਾਂ ਮੁਤਾਬਕ 1000 ਏਕੜ ਤੋਂ ਵੱਧ
ਕਣਕ ਦੀ ਖੜੀ ਫ਼ਸਲ ਅੱਗ ਨਾਲ ਸੜਕੇ ਸਵਾਹ ਹੋਈ ਹੈ। ਇਸ ਨਾਲ ਕਿਸਾਨਾਂ ਦਾ ਸੈਂਕੜੇ ਕਰੋੜ ਤੋਂ ਵੱਧ ਦਾ ਨੁਕਸਾਨ ਹੋ ਚੁੱਕਾ ਹੈ ਭਾਵੇਂ ਇਕ-ਦੁਕਾ ਥਾਵਾਂ ਉਪਰ ਅਸਮਾਨੀ ਬਿਜਲੀ ਡਿੱਗਣ ਕਾਰਨ ਅੱਗ ਲੱਗੀ ਪਰ ਬਹੁਤੀਆਂ ਘਟਨਾਵਾਂ ਬਿਜਲੀ ਦੀਆਂ ਤਾਰਾਂ ਤੇ ਟਰਾਂਸਫ਼ਾਰਮਾਂ ਵਿਚੋਂ ਨਿਕਲੀਆਂ ਚਿੰਗਾੜੀਆਂ ਕਾਰਨ ਲੱਗੀ ਹੈ। ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਬਠਿੰਡਾ, ਸੰਗਰੂਰ, ਲੁਧਿਆਣਾ ਆਦਿ ਜ਼ਿਲ੍ਹਿਆਂ ਵਿਚ ਜ਼ਿਆਦਾ ਘਟਨਾਵਾਂ ਹੋਈਆਂ ਹਨ। ਇਨ੍ਹਾਂ ਘਟਨਾਵਾਂ ਤੋਂ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅੱਗ ਬੁਝਾਉਣ ਲਈ ਡਾਰਕਰ ਦੇ ਫ਼ਾਇਰ ਬ੍ਰਿਗੇਡ ਦੇ ਪੁਖ਼ਤਾ ਪ੍ਰਬੰਧ ਵੀ ਨਹੀਂ ਖ਼ੁਦ ਹੀ ਕਿਸਾਨ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਹਨ। ਫ਼ਾਇਰ ਬ੍ਰਿਗੇਡ ਬਹੁਤੀਆਂ ਥਾਵਾਂ ਤੇ ਤਾਂ ਪਹੁੰਚਦੀ ਹੀ ਨਹੀਂ ਜਾਂ ਫਿਰ ਦੇਰੀ ਨਾਲ ਪਹੁੰਚਦੀ ਹੈ।
ਰੀਪੋਰਟਾਂ ਮੁਤਾਬਿਕ ਅਬੋਹਰ-ਮਲੋਟ ਰੋਡ ਉਤੇ ਟਰਾਂਸਫ਼ਾਰਮਰ ਵਿਚੋਂ ਨਿਕਲੀ ਚੰਗਿਆੜੀ ਨੇ ਕਰੀਬ 60-70 ਏਕੜ ਕਣਕ ਦੀ ਫ਼ਸਲ ਅਤੇ 150 ਏਕੜ ਕਣਕ ਦੀ ਪਰਾਲੀ ਨੂੰ ਸਾੜ ਕੇ ਸੁਆਹ ਕਰ ਦਿਤਾ। ਅੱਗ ਲੱਗਣ ਦਾ ਪਤਾ ਲਗਦਿਆਂ ਹੀ ਕਿਸਾਨ ਆਪਣੇ ਟਰੈਕਟਰਾਂ ਨਾਲ ਮੌਕੇ ਤੇ ਪਹੁੰਚੇ ਅਤੇ ਅੱਗ ਨੂੰ ਫੈਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਤੁਰੰਤ ਮੌਕੇ ਤੇ ਪਹੁੰਚ ਗਈਆਂ। ਬਲਜਿੰਦਰ ਸਿੰਘ ਦੀ 20 ਏਕੜ, ਬਲਵਿੰਦਰ ਸਿੰਘ ਦੀ 20 ਏਕੜ, ਸਾਬਕਾ ਸਰਪੰਚ ਪਾਲ ਸੰਧੂ ਦੀ 15 ਏਕੜ, ਬਖ਼ਸ਼ੀਸ਼ ਸਿੰਘ ਦੀ 4 ਏਕੜ ਅਤੇ ਬਲਕਰਨ ਸਿੰਘ ਦੀ ਇਕ ਏਕੜ ਫ਼ਸਲ ਸੜ ਗਈ ਸੀ।
ਮਹਿਲ ਕਲਾਂ ਦੇ ਪਿੰਡ ਕੁਰੜ ਵਿਚ ਬੀਤੇ ਦਿਨ ਆਸਮਾਨੀ ਬਿਜਲੀ ਡਿੱਗਣ ਕਾਰਨ ਖੜੀ ਕਣਕ ਸੜ ਗਈ। ਐਸ ਡੀ ਐਮ ਮਹਿਲ ਕਲਾਂ ਹਰਕੰਵਲਜੀਤ ਸਿੰਘ ਨੇ ਮਾਲ ਵਿਭਾਗ ਦੀ ਟੀਮ ਸਮੇਤ ਅੱਜ ਪਿੰਡ ਕੁਰੜ ਦਾ ਦੌਰਾ ਕਰ ਕੇ ਬੀਤੇ ਦਿਨ ਅਸਮਾਨੀ ਬਿਜਲੀ ਡਿੱਗਣ ਨਾਲ ਕਿਸਾਨਾਂ ਦੀ ਖੜੀ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸੇ ਤਰ੍ਹਾਂ ਪਾਤੜਾਂ ਦੇ ਨਜ਼ਦੀਕੀ ਪਿੰਡ ਕਾਹਨਗੜ੍ਹ ਘਰਾਚੋਂ ਦੇ ਖੇਤਾਂ ਵਿਚ ਬਿਜਲੀ ਦੀਆਂ ਤਾਰਾਂ ਆਪਸ ਵਿਚ ਜੁੜਨ ਨਾਲ ਕਣਕ ਦੇ ਨਾੜ ਨੂੰ ਅੱਗ ਲੱਗੀ। ਅੱਗ ਕਾਰਨ 4 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਸੀ। ਜ਼ੀਰਾ ਨੇੜਲੇ ਪਿੰਡਾਂ ਵਿਚ ਅੱਗ ਲੱਗਣ ਨਾਲ ਸੈਂਕੜੇ ਏਕੜ ਕਣਕ ਅਤੇ ਨਾੜ ਸੜਨ ਦੀ ਖ਼ਬਰ ਹੈ। ਪਿੰਡ ਮੱਲੋਕੇ ਦੇ ਨਜ਼ਦੀਕ ਹੱਡਾ ਰੋੜੀ ਨੇੜਿਉਂ ਲੱਗੀ ਅੱਗ ਇਸ ਕਦਰ ਵੱਧ ਗਈ ਕਿ ਪਿੰਡ ਗਾਮੇ ਵਾਲੀ, ਬਸਤੀ ਮੱਲੋ ਕੇ, ਹਾਜੀ ਵਿਚ ਵੀ ਅੱਗ ਦੀਆਂ ਘਟਨਾਵਾਂ ਹੋਈਆਂ। ਮਾਨਸਾ ਦੇ ਨੇੜਲੇ ਪਿੰਡ ਭੈਣੀ ਬਾਘਾ, ਮੋੜ ਦੇ ਪਿੰਡ ਸੁੱਖਾ ਸਿੰਘ ਵਾਲਾ, ਸਰਦੂਲਗੜ੍ਹ ਦੇ ਪਿੰਡ ਜੱਟਾਣਾ, ਮੀਰਪੁਰ ਅਤੇ ਲੁਧਿਆਣਾ ਦੇ ਮਾਛੀਵਾੜਾ ਵਿਚ ਵੀ ਅੱਗ ਨਾਲ ਖੇਤਾਂ ਵਿਚ ਖੜੀ ਫ਼ਸਲ ਦੇ ਭਾਰੀ ਨੁਕਸਾਨ ਹੋਇਆ। ਬਾਘਾ ਪੁਰਾਣਾ ਤੇ ਗੁਰੂ ਹਰਸਹਾਏ ਵਿਚ ਵੀ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ।
ਟਰਾਂਸਫ਼ਾਰਮਰ ਸਪਾਰਕ ਹੋਣ ਕਾਰਨ 6 ਏਕੜ ਕਣਕ ਅਤੇ 11 ਏਕੜ ਦੀ ਨਾੜ ਸੜੀ
ਪਿੰਡ ਬਲਾੜੀ ਕਲਾਂ ਵਿਖੇ ਟਰਾਂਸਫ਼ਾਰਮਰ ਦੇ ਸਪਾਰਕ ਹੋਣ ਨਾਲ ਕਿਸਾਨ ਜਰਨੈਲ ਸਿੰਘ ਦੀ ਛੇ ਏਕੜ ਦੇ ਕਰੀਬ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ ਹੋ ਗਈੇ। ਇਸੇ ਤਰ੍ਹਾਂ ਜਗਜੀਤ ਸਿੰਘ ਦੀ 8 ਅਤੇ ਬਲਵੀਰ ਸਿੰਘ ਦੀ 3 ਏਕੜ ਕਣਕ ਦਾ ਨਾੜ ਵੀ ਇਸ ਅੱਗ ਦੀ ਲਪੇਟ ਵਿਚ ਆ ਗਈ। ਅੱਗ ’ਤੇ ਕਾਬੂ ਪਾਉਂਣ ਲਈ ਇਲਾਕੇ ਦੇ ਲੋਕ ਅਪਣੇ ਟਰੈਕਟਰਾਂ ਸਮੇਤ ਆ ਗਏ ਜਿਨ੍ਹਾਂ ਕਾਫ਼ੀ ਜਦੋ ਜਹਿਦ ਬਾਅਦ ਅੱਗ ’ਤੇ ਕਾਬੂ ਕੀਤਾ। ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਦੋਸ਼ ਲਾਇਆ ਕਿ ਇਹ ਘਟਨਾ ਪੰਜਾਬ ਸਰਕਾਰ, ਬਿਜਲੀ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਵਾਪਰੀ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਵਲੋਂ ਬਿਜਲੀ ਵਿਭਾਗ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਟਰਾਂਸਫ਼ਾਰਮਰ ’ਤੇ ਹੋ ਰਹੀ ਸਪਾਰਕਿੰਗ ਨੂੰ ਠੀਕ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਵੱਡਾ ਨੁਕਸਾਨ ਹੋਇਆ। ਉਨ੍ਹਾਂ ਪੰਜਾਬ ਸਰਕਾਰ ਤੋਂ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਬਦਲੇ 50 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਨਾੜ ਬਦਲੇ 5 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਵਾ ਕੇ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਵਿਰੁਧ ਵੀ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਮੁਕੰਦ ਖਾਂ, ਰਣਜੀਤ ਸਿੰਘ, ਜਤਿੰਦਰ ਕੁਮਾਰ, ਲਾਭ ਸਿੰਘ, ਸੰਜੀਵ ਕੁਮਾਰ, ਕੇਵਲ ਕ੍ਰਿਸ਼ਨ ਅਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।