
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ 'ਤੇ ਲਗਾਇਆ ਜਾ ਰਿਹਾ ਜੀ.ਐਸ.ਟੀ ਤੁਰਤ ਮੁਆਫ਼ ਹੋਣਾ ਚਾਹੀਦਾ ਹੈ।
ਅੰਮ੍ਰਿਤਸਰ, 23 ਮਈ (ਸਸਜਟੀਵੀ) : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ 'ਤੇ ਲਗਾਇਆ ਜਾ ਰਿਹਾ ਜੀ.ਐਸ.ਟੀ ਤੁਰਤ ਮੁਆਫ਼ ਹੋਣਾ ਚਾਹੀਦਾ ਹੈ। ਉਨ੍ਹਾਂ ਕੇਂਦਰ ਸਰਕਾਰ ਮੁੜ ਤੋਂ ਗੁਹਾਰ ਲਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਅੜੀ ਛੱਡ ਦੇਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਇਸ ਮਾਮਲੇ ਸਬੰਧੀ ਕਈ ਵਾਰ ਕੇਂਦਰ ਸਰਕਾਰ ਨੂੰ ਪੱਤਰ ਲਿਖੇ ਜਾ ਚੁਕੇ ਹਨ, ਪਰ ਫਿਰ ਵੀ ਕੇਂਦਰ ਸਰਕਾਰ ਵਲੋਂ ਇਸ ਮਸਲੇ ਦਾ ਕੋਈ ਹੱਲ ਨਹੀਂ ਕਢਿਆ ਗਿਆ।
GSTਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਵਿਖੇ ਸ਼ਰਧਾ ਨਾਲ ਪੁੱਜਦੀਆਂ ਸੰਗਤਾਂ ਨੂੰ ਬਿਨਾਂ ਭੇਦ-ਭਾਵ ਦੇ ਲੰਗਰ ਛਕਾਇਆ ਜਾਂਦਾ ਹੈ ਪ੍ਰੰਤੂ ਜੀ.ਐਸ.ਟੀ ਕਾਰਨ ਗੁਰੂ ਘਰਾਂ 'ਤੇ ਵਾਧੂ ਬੋਝ ਪੈ ਰਿਹਾ ਹੈ।ਉਨ੍ਹਾਂ ਕੇਂਦਰ ਸਰਕਾਰ ਦੇ ਇਸ ਕਦਮ ਨੂੰ ਭੇਦਭਾਵ ਵਾਲਾ ਦਸਦਿਆਂ ਕਿਹਾ ਕਿ ਸੰਗਤ ਵਲੋਂ ਗੁਰੂ ਘਰਾਂ ਦੇ ਕਾਰਜਾਂ ਲਈ ਚੜ੍ਹਾਏ ਜਾਂਦੇ ਪੈਸੇ ਦਾ ਹਿੱਸਾ ਟੈਕਸ ਵਿਚ ਚਲਾ ਜਾਣਾ ਠੀਕ ਨਹੀਂ ਹੈ।
SGPCਉਨ੍ਹਾਂ ਕਿਹਾ ਕਿ ਜੇਕਰ ਗੁਰੂ ਕੇ ਲੰਗਰਾਂ 'ਤੇ ਜੀ.ਐਸ.ਟੀ ਨਾ ਹੋਵੇ ਤਾਂ ਇਹ ਪੈਸਾ ਮਨੁੱਖੀ ਭਲਾਈ ਦੇ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ।ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਤੋਂ ਜੀ.ਐਸ.ਟੀ. ਬਿਨਾ ਦੇਰੀ ਖ਼ਤਮ ਕੀਤਾ ਜਾਵੇ।
ਦਸ ਦਈਏ ਕਿ ਜੀਐਸਟੀ ਲੱਗਣ ਤੋਂ ਬਾਅਦ ਇਸ ਦਾ ਮਾੜਾ ਪ੍ਰਭਾਵ ਜਿਥੇ ਆਮ ਵਿਅਕਤੀ 'ਤੇ ਪਿਆ ਉਥੇ ਇਸ ਦਾ ਗੁਰੂ ਕੇ ਲੰਗਰਾਂ 'ਤੇ ਵੀ ਮਾੜਾ ਅਸਰ ਪਿਆ। ਇਸ ਸਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਅਕਾਲੀ ਦਲ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਧਾਰਮਿਕ ਤੇ ਸਿਆਸੀ ਜਥੇਬੰਦੀਆਂ ਦੇ ਨੁਮਾਇੰਦੇ ਕੇਂਦਰ ਸਰਕਾਰ ਨੂੰ ਬੇਨਤੀ ਕਰ ਚੁਕੇ ਹਨ ਪਰ ਕੇਂਦਰ ਸਰਕਾਰ ਅਪਦੀ ਜ਼ਿੱਦ 'ਤੇ ਅੜੀ ਹੋਈ ਹੈ।