
ਮਿਸ਼ਨ-13 ਸਰ ਨਾ ਹੋਣ 'ਤੇ ਨਵਜੋਤ ਸਿੱਧੂ ਨੂੰ ਕਸੂਰਵਾਰ ਦਸਿਆ
ਚੰਡੀਗੜ੍ਹ : ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਚਮਤਕਾਰ ਜਿੱਤ ਅਤੇ ਪੰਜਾਬ ਵਿਚ 13 ਸੀਟਾਂ ਵਿਚੋਂ 8 'ਤੇ ਕਾਂਗਰਸ ਦੀ ਜਿੱਤ 'ਤੇ ਅਪਣਾ ਪ੍ਰਤੀਕਰਮ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਅਪਣੀ ਹੀ ਪਾਰਟੀ ਵਿਰੁਧ ਗ਼ਲਤ ਬਿਆਨੀ ਕਰ ਕੇ ਖ਼ਰਾਬੀ ਪੈਦਾ ਕੀਤੀ।
Capt Amarinder Singh
ਅਪਣੀ ਸਰਕਾਰੀ ਰਿਹਾਇਸ਼ 'ਤੇ ਟੀ.ਵੀ. ਚੈਨਲਾਂ ਨਾਲ ਗ਼ੈਰ ਰਸਮੀ ਗਲਬਾਤ ਦੌਰਾਨ ਮੁੱਖ ਮੰਤਰੀ ਨੇ ਦੁਖੀ ਹਿਰਦੇ ਨਾਲ ਸਿੱਧੂ ਵਿਰੁਧ ਭੜਾਸ ਕੱਢੀ ਅਤੇ ਕਿਹਾ ਕਿ ਸਰਹੱਦੀ ਸੂਬੇ ਪੰਜਾਬ ਵਿਚ ਮਜ਼ਬੂਤ ਕਾਂਗਰਸ ਨੇ ਮੋਦੀ ਦੀ ਜਿਤ ਦਾ ਰੱਥ ਰੋਕਿਆ ਹੈ ਪਰ ਮਿਸ਼ਨ 13 ਯਾਨੀ ਸਾਰੀਆਂ ਸੀਟਾਂ 'ਤੇ ਕਾਂਗਰਸ ਦੀ ਜਿਤ ਨਾ ਹੋਣ ਲਈ ਇਹ ਬੜਬੋਲਾ ਮੰਤਰੀ ਹੀ ਕਸੂਰਵਾਰ ਹੈ। ਜ਼ਿਕਰਯੋਗ ਹੈ ਕਿ 19 ਮਈ ਨੂੰ ਵੋਟਾਂ ਤੋਂ ਇਕ ਦਿਨ ਪਹਿਲਾਂ ਸਿੱਧੂ ਅਤੇ ਉਸ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਟਿਕਟ ਨਾ ਮਿਲਣ ਲਈ ਕੈਪਟਨ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਸੀ ਤੇ ਪੰਜਾਬ ਦੇ 5 ਮੰਤਰੀਆਂ ਨੇ ਮੁੱਖ ਮੰਤਰੀ ਦਾ ਸਾਥ ਦਿੰਦੇ ਹੋਏ ਸਿੱਧੂ ਦਾ ਇਸਤੀਫ਼ਾ ਮੰਗਿਆ ਸੀ।
Navjot Singh Sidhu with wife
ਇਨ੍ਹਾਂ ਹਾਲਤਾਂ ਦਾ ਕਾਂਗਰਸੀ ਵੋਟਾਂ ਉਤੇ ਮਾੜਾ ਅਸਰ ਹੋਇਆ ਸੀ। ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਨਵਜੋਤ ਸਿੱਧੂ ਦੇ ਇਸ ਰਵਈਏ ਬਾਰੇ ਅਤੇ ਅਗਲਾ ਕੋਈ ਐਕਸ਼ਨ ਜਾਂ ਕਦਮ ਪੁਟਣ ਬਾਰੇ ਉਹ ਕਾਂਗਰਸ ਹਾਈ ਕਮਾਂਡ ਨਾਲ ਛੇਤੀ ਵਿਚਾਰ ਕਰਨਗੇ। ਅਪਣੇ ਸਭ ਤੋਂ ਨੇੜਲੇ ਤੇ ਭਰੋਸੇਮੰਦ ਸਾਥੀ ਅਤੇ ਚੋਟੀ ਦੇ ਕਾਂਗਰਸੀ ਨੇਤਾ ਸੁਨੀਲ ਜਾਖੜ ਦੇ ਗੁਰਦਾਸਪੁਰ ਤੋਂ ਹਾਰਨ ਸਬੰਧੀ ਅਫ਼ਸੋਸ ਜਾਹਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਭਾਜਪਾ ਵਲੋਂ ਕਿਸੇ ਸਿਆਸੀ ਨੇਤਾ ਦੀ ਥਾਂ ਫ਼ਿਲਮੀ ਅਦਾਕਾਰ ਨੂੰ ਚੋਣ ਮੈਦਾਨ ਵਿਚ ਲਿਆਉਣ ਦਾ ਹੀ ਇਹ ਅਸਰ ਹੋਇਆ।
Capt Amarinder Singh
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸੀਟ 'ਤੇ 9 ਵਿਧਾਨ ਸਭਾ ਹਲਕਿਆਂ ਵਿਚੋਂ 7 ਵਿਚ ਕਾਂਗਰਸੀ ਵਿਧਾਇਕ ਹਨ ਜਿਨ੍ਹਾਂ ਵਿਚੋਂ 3 ਮੰਤਰੀ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ, ਅਰੁਣਾ ਚੌਧਰੀ ਹਨ ਜਿਨ੍ਹਾਂ ਬਹੁਤ ਕੰਮ ਕੀਤਾ। ਮੁੱਖ ਮੰਤਰੀ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਬਠਿੰਡਾ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਗੁਰਦਾਸਪੁਰ ਤੇ ਸੰਗਰੂਰ ਸੀਟਾਂ 'ਤੇ ਕਾਂਗਰਸ ਦੀ ਹਾਰ ਸਬੰਧੀ ਸਮੀਖਿਆ ਕੀਤੀ ਜਾਵੇਗੀ ਅਤੇ ਇਨ੍ਹਾਂ ਸੀਟਾਂ ਦੇ 45 ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸੀ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਕਾਂਗੜ, ਰਾਣਾ ਗੁਰਮੀਤ ਸੋਢੀ, ਸ਼ਾਮ ਸੁੰਦਰ ਅਰੋੜਾ, ਤ੍ਰਿਪਤ ਬਾਜਵਾ, ਸੁਖਜਿੰਦਰ ਰੰਧਾਵਾ, ਅਰੁਣਾ ਚੌਧਰੀ ਅਤੇ ਹੋਰ ਲੀਡਰਾਂ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
Capt Amarinder Singh
ਚਿੰਤਾ ਵਿਚ ਡੁੱਬੇ ਅਤੇ ਸਿੱਧੂ 'ਤੇ ਨਾਰਾਜ਼ ਕੈਪਟਨ ਨੇ ਕਿਹਾ ਕਿ ਛੇਤੀ ਹੀ 7 ਵਿਧਾਨ ਸਭਾ ਉਪ ਚੋਣਾਂ, ਜਲਾਲਾਬਾਦ, ਫ਼ਗਵਾੜਾ, ਭੁਲਥ, ਰੋਪੜ, ਮਾਨਸਾ, ਜੈਤੋਂ ਤੇ ਦਾਖਾ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ ਅਤੇ 2022 ਵਲ ਧਿਆਨ ਕਰ ਕੇ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਨੂੰ ਵਧੀਆ ਦਿਖਾਉਣਾ ਪਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਾਕੀ ਸਾਰੇ ਮੁਲਕ ਵਿਚ ਕਾਂਗਰਸ ਦਾ ਪ੍ਰਦਰਸ਼ਨ ਬਹੁਤਾ ਚੰਗਾ ਨਹੀਂ ਰਿਹਾ ਪਰ ਪੰਜਾਬ ਵਿਚ ਫਿਰ ਵੀ 13 ਸੀਟਾਂ ਵਿਚੋਂ 8 'ਤੇ ਜਿੱਤ ਪ੍ਰਾਪਤ ਕੀਤੀ ਗਈ ਹੈ।