
ਕੈਬਨਿਟ ਦੇ ਮੰਤਰੀ ਮੰਡਲ 'ਚ ਸ਼ਰਾਬ ਨੂੰ ਲੈ ਕੇ ਫੁੱਟੀਆਂ ਚਿੰਗਾੜੀਆਂ ਨੇ ਮਚਾਇਆ ਭਾਂਬੜ : ਬਲਜਿੰਦਰ ਕੌਰ
ਫ਼ਤਿਹਗੜ੍ਹ ਸਾਹਿਬ, 22 ਮਈ (ਸੁਰਜੀਤ ਸਿੰਘ ਸਾਹੀ) : ਆਮ ਆਦਮੀ ਪਾਰਟੀ ਦੇ ਵਿਧਾਇਕ ਬਲਜਿੰਦਰ ਕੌਰ ਨੇ ਕਿਹਾ ਕਿ 'ਮਹਿਲਾਂ ਜਾਂ ਘਰਾਂ' 'ਚ ਬੈਠ ਕੇ ਸਰਕਾਰਾਂ ਨਹੀਂ ਚਲਾਈਆਂ ਜਾ ਸਕਦੀਆਂ, ਕਿਉਂਕਿ ਸਰਕਾਰਾਂ ਚਲਾਉਣ ਲਈ ਪਬਲਿਕ ਵਿਚ ਆਉਣਾ ਪੈਂਦਾ ਹੈ ਤੇ ਉਨ੍ਹਾਂ ਦੀਆਂ ਦੁੱਖਾਂ, ਮੁਸ਼ਕਲਾਂ ਅਤੇ ਪ੍ਰੇਸ਼ਾਨੀਆਂ ਨੂੰ ਸਮਝਣ ਦੀ ਲੋੜ ਹੁੰਦੀ ਹੈ। ਉਹ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੇ ਖੁਲਣ ਉਪਰੰਤ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ।
ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਕਾਰ ਪ੍ਰਤੀ ਦੁੱਖ ਤੇ ਅਫ਼ਸੋਸ ਜ਼ਾਹਰ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਪਣੀ ਸਰਕਾਰ ਚਲਾਉਣ ਲਈ ਬਾਕੀ ਸੱਭ ਪੱਖਾਂ ਨੂੰ ਦਰ ਕਿਨਾਰ ਕਰ ਕੇ ਕੇਵਲ ਸ਼ਰਾਬ ਨੂੰ ਰੈਵੇਨਿਊ ਇਕੱਠਾ ਕਰਨ ਲਈ ਜ਼ੋਰ ਦੇਣਾ ਸਰਕਾਰ ਦੀ ਸੌੜੀ ਸੋਚ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਮੰਤਰੀ ਮੰਡਲ ਵਿਚ ਜੋ ਚੰਗਿਆੜੀਆਂ ਫੁੱਟੀਆਂ ਉਸ ਨੇ ਸ਼ਰਾਬ ਦੇ ਧੰਦੇ ਵਿਚ ਹਿੱਸੇਦਾਰੀਆਂ ਨੂੰ ਉਜਾਗਰ ਕਰ ਕੇ ਰੱਖ ਦਿਤਾ ਕਿਉਂਕਿ ਪਾਰਟੀ ਤੇ ਸਰਕਾਰ ਵਿਚ ਅਸਲ ਲੜਾਈ ਸਾਰੀ ਹਿੱਸੇਦਾਰੀਆਂ ਦੀ ਵੰਡ-ਵੰਡਾਈ ਦੀ ਹੈ, ਉਨ੍ਹਾਂ ਕਿਹਾ ਕਿ ਅੱਜ ਕੈਪਟਨ ਸਰਕਾਰ ਹਰ ਪੱਖ 'ਤੇ ਫੇਲ ਹੋ ਕੇ ਰਹਿ ਗਈ ਹੈ।
File photo
'ਆਪ' ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਤਾਲਾਬੰਦੀ ਤੇ ਕਰਫ਼ਿਊ ਦੌਰਾਨ ਪੰਜਾਬ ਵਿਚ ਰਾਸ਼ਨ ਦੀ ਵੰਡ ਨੂੰ ਲੈ ਕੇ ਘਟੀਆ ਕਿਸਮ ਦੀ ਸਿਆਸਤ ਹੋਈ ਹੈ ਕਿਉਂਕਿ ਲੋੜਵੰਦਾਂ ਨੂੰ ਛੱਡ ਕੇ ਕੇਵਲ ਵੋਟ ਨੂੰ ਮੁੱਖ ਰੱਖ ਕੇ ਰਾਸ਼ਨ ਵੰਡਿਆ ਗਿਆ ਹੈ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਲਾਕਡਾਊਨ ਦੌਰਾਨ ਜਿੱਥੇ ਕੰਮ ਕਾਰ ਠੱਪ ਹੋ ਕੇ ਰਹਿ ਗਏ ਸਨ ਤੇ ਅਜਿਹੇ ਸਮੇਂ ਵਿਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਕਿਸੇ ਵੀ ਤਰ੍ਹਾਂ ਦੇ ਲੋਨ ਆਦਿ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਾਣਗੀਆਂ ਤੇ ਇਸ ਸੱਭ ਦੇ ਉਲਟ ਈਐਮਆਈ ਵੀ ਕੱਟੀਆਂ ਜਾਂਦੀਆਂ ਰਹੀਆਂ ਅਤੇ ਲੋਨ ਦੀਆਂ ਕਿਸ਼ਤਾਂ ਵੀ ਆਉਂਦੀਆਂ ਰਹੀਆਂ ਜਦਕਿ ਗਰੀਬ ਵਰਗ ਲਈ ਜਿਸ ਲਈ ਦੋ ਸਮੇਂ ਦੀ ਰੋਟੀ ਖਾਣਾ ਮੁਨਕਰ ਹੋ ਕੇ ਰਹਿ ਗਿਆ ਸੀ ਉਸ ਨੂੰ ਬਿਜਲੀ ਦੇ ਬਿਲ ਤੱਕ ਭਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਉਸ ਵਿਚ ਵੀ ਕੋਈ ਛੋਟ ਨਹੀਂ ਦਿਤੀ ਗਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਸ਼ਪਿੰਦਰ ਸਿੰਘ ਤੇ ਪ੍ਰਦੀਪ ਮਲਹੋਤਰਾ ਵੀ ਹਾਜ਼ਰ ਸਨ।