
ਸੀਮਾ ਸੁਰੱਖਿਆ ਬਲ ਤੇ ਸੀਆਈਏ ਪੁਲਿਸ ਦਾ ਸਾਂਝਾ ਅਪ੍ਰੇਸ਼ਨ
ਬਰਨਾਲਾ/ਫ਼ਿਰੋਜ਼ਪੁਰ, 22 ਮਈ (ਗਰੇਵਾਲ/(ਜਗਵੰਤ ਸਿੰਘ ਮੱਲ੍ਹੀ) : ਬਾਰਡਰ ਸਕਿਉਰਿਟੀ ਫ਼ੋਰਸ (ਬੀ.ਐਸ.ਐਫ਼.) ਨਾਲ ਸਾਂਝੇ ਤੌਰ ’ਤੇ ਕੀਤੇ ਗੁਪਤ ਸਟਿੰਗ ਆਪਰੇਸ਼ਨ ਰਾਹੀਂ ਜ਼ਿਲ੍ਹਾ ਬਰਨਾਲਾ ਪੁਲਿਸ ਨੂੰ 40 ਕਰੋੜ ਰੁਪਏ ਕੀਮਤੀ ਹੈਰੋਇਨ ਅਤੇ ਪਾਕਿਸਤਾਨੀ 15 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਜਿਸ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਨੇ ਬਰਨਾਲਾ ਪੁਲਿਸ ਟੀਮ ਨੂੰ ਵਧਾਈ ਦਿਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਐਸ.ਐਸ.ਪੀ. ਨੇ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਇਕ ਮਹਿਲਾ ਨੂੰ ਕੁੱਝ ਦਿਨ ਪਹਿਲਾਂ ਹਿਰਾਸਤ ‘ਚ ਲਿਆ ਗਿਆ ਸੀ। ਉਸ ਪਾਸੋਂ 55 ਗਰਾਮ ਹੈਰੋਈਨ ਅਤੇ 1100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਜਿਸ ਦੇ ਆਧਾਰ ’ਤੇ 13 ਮਈ 2020 ਨੂੰ ਸਿਟੀ ਬਰਨਾਲਾ ਵਿਖੇ 275 ਨੰਬਰ ਐਫ਼.ਆਈ.ਆਰ. ਦਰਜ ਕੀਤੀ ਸੀ।
File Photo
ਉਸ ਮਗਰੋਂ ਕੀਤੀ ਗਈ ਤਫ਼ਤੀਸ਼ ਦੌਰਾਨ ਹਿਰਾਸਤੀ ਮਹਿਲਾ ਨੇ ਦਸਿਆ ਕਿ ਦੂਜੀ ਕਿਸ਼ਤ ਵਿਚ ਭਾਰੀ ਮਾਤਰਾ ’ਚ ਹੈਰੋਇਨ ਆਵੇਗੀ, ਜੋ ਕਿ ਪਾਕਿਸਤਾਨ ਤੋਂ ਫ਼ਿਰੋਜ਼ਪੁਰ ਬਾਰਡਰ ਰਾਹੀਂ ਪੰਜਾਬ ਅੰਦਰ ਦਾਖ਼ਲ ਹੋਵੇਗੀ। ਐਸ.ਐਸ.ਪੀ. ਗੋਇਲ ਨੇ ਦਸਿਆ ਕਿ ਉਕਤ ਮਹਿਲਾ ਵਲੋਂ ਦਿਤੀ ਗਈ। ਸੂਚਨਾ ਦੇ ਆਧਾਰ ’ਤੇ ਸਾਡੀ ਟੀਮ ਨੇ ਫ਼ਿਰੋਜ਼ਪੁਰ ਵਿਖੇ ਬਾਰਡਰ ਸਕਿਉਰਿਟੀ ਫ਼ੋਰਸ (ਬੀ.ਐਸ.ਐਫ਼.) ਨਾਲ ਸੰਪਰਕ ਕੀਤਾ। ਜਿਨ੍ਹਾਂ ਨਾਲ ਸਾਡੀ ਟੀਮ ਨੇ ਸਾਂਝਾ ਆਪਰੇਸ਼ਨ ਕੀਤਾ।
ਆਪਰੇਸ਼ਨ ਦੌਰਾਨ ਸਾਡੀ ਟੀਮ ਨੂੰ ਫ਼ਿਰੋਜ਼ਪੁਰ ਬਾਰਡਰ ’ਤੇ ਖੇਤਾਂ ਵਿਚ ਪਈ ਹੈਰੋਇਨ ਮਿਲੀ, ਉਥੇ ਹੀ 15 ਪਾਕਿਸਤਾਨੀ ਜਿੰਦਾ ਕਾਰਤੂਸ ਵੀ ਮਿਲੇ। ਬਰਾਮਦ ਕੀਤੀ ਗਈ ਹੈਰੋਇਨ ਦਾ ਵਜਨ 8 ਕਿਲੋ 290 ਗਰਾਮ ਸੀ। ਜਿਸਦੀ ਅੰਤਰਰਾਸ਼ਟਰੀ ਬਜਾਰ ’ਚ ਕੀਮਤ 40 ਕਰੋੜ ਰੁਪਏ ਬਣਦੀ ਹੈ। ਐਸ.ਐਸ.ਪੀ. ਗੋਇਲ ਨੇ ਦਸਿਆ ਕਿ ਹੈਰੋਇਨ ਦੀ ਤਸਕਰੀ ਕਰਨ ਵਾਲੀ ਮਹਿਲਾ ਬਰਨਾਲਾ ਵਿਖੇ ਲੰਮੇ ਸਮੇਂ ਤੋਂ ਰਹਿ ਰਹੀ ਸੀ। ਜਿਸ ਨੇ ਇਹ ਵੀ ਪ੍ਰਗਟਾਵਾ ਕੀਤਾ ਹੈ ਕਿ ਪੰਜਾਬ ਵਿਚ ਪਹਿਲੀ ਕਿਸ਼ਤ ਦੇ ਤੌਰ ’ਤੇ ਲਿਆਂਦੀ ਗਈ ਹੈਰੋਇਨ ਸਰਕੁਲੇਟ ਹੋ ਚੁੱਕੀ ਹੈ। ਅੱਜ ਬਰਾਮਦ ਕੀਤੀ ਗਈ ਹੈਰੋਇਨ ਦੂਜੀ ਕਿਸ਼ਤ ਵੱਜੋਂ ਦਾਖ਼ਲ ਹੋਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।