
ਹਾਈ ਕਮਾਨ ਦੇ ਦਖ਼ਲ ਤੋਂ ਬਾਅਦ ਨਵਜੋਤ ਸਿੱਧੂ ਹੋਏ ਆਸਵੰਦ
ਚੰਡੀਗੜ੍ਹ, 22 ਮਈ (ਗੁਰਉਪਦੇਸ਼ ਭੁੱਲਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਛਿੜੀ ਖੁਲ੍ਹੀ ਜੰਗ ਬਾਅਦ ਉਨ੍ਹਾਂ ਵਿਰੁਧ ਬੇਅਦਬੀ ਤੇ ਨਸ਼ਿਆਂ ਆਦਿ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਟਵੀਟ ਕਰ ਕੇ ਨਿਸ਼ਾਨੇ ਸਾਧ ਰਹੇ ਸਾਬਕਾ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੱਧੂ ਨੇ ਪਾਰਟੀ ਹਾਈਕਮਾਨ ਦੇ ਦਖ਼ਲ ਬਾਰੇ ਜਿਥੇ ਟਿਪਣੀ ਕੀਤੀ ਹੈ, ਉਥੇ ਮੁੱਖ ਮੰਤਰੀ ਵਲੋਂ ਹੋਰ ਪਾਰਟੀ ਨਾਲ ਗੱਲਬਾਤ ਦੇ ਲਾਏ ਦੋਸ਼ਾਂ ਬਾਰੇ ਅਪਣੀ ਸਫ਼ਾਈ ਦੇਣ ਦਾ ਵੀ ਯਤਨ ਕੀਤਾ ਹੈ। ਨਾਲ ਹੀ ਮੁੱਖ ਮੰਤਰੀ ’ਤੇ ਵੀ ਨਿਸ਼ਾਨਾ ਵੀ ਸਾਧਿਆ ਹੈ।
ਉਨ੍ਹਾਂ ਅੱਜ ਕੀਤੇ ਟਵੀਟ ’ਚ ਮੁੱਖ ਮੰਤਰੀ ਦਾ ਨਾਂ ਲਏ ਬਿਨਾਂ ਕਿਹਾ ਕਿ ਸਾਬਤ ਕਰੋ ਕਿ ਮੈਂ ਕਿਸੇ ਹੋਰ ਪਾਰਟੀ ਦੇ ਕਿਸੇ ਆਗੂ ਨਾਲ ਕੋਈ ਮੀਟਿੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਪੋਕਸਮੈਨ ਟੀ.ਵੀ. ਨਾਲ ਇੰਟਰਵਿਊ ’ਚ ਕੈਪਟਨ ਨੇ ਸਿੱਧੂ ਉਪਰ ਆਮ ਆਦਮੀ ਪਾਰਟੀ ਨਾਲ ਮੀਟਿੰਗ ਕਰਨ ਦਾ ਦੋਸ਼ ਲਗਾਇਆ ਸੀ। ਸਿੱਧੂ ਨੇ ਇਸ ਚਰਚਾ ਨੂੰ ਵੀ ਖਾਰਜ ਕੀਤਾ ਕਿ ਉਨ੍ਹਾਂ ਕਦੇ ਸਰਕਾਰ ’ਚ ਉਪ ਮੁੱਖ ਮੰਤਰੀ ਜਾਂ ਪਾਰਟੀ ’ਚ ਪ੍ਰਧਾਨ ਦਾ ਅਹੁਦਾ ਮੰਗਿਆ। ਉਨ੍ਹਾ ਦਾਅਵਾ ਕੀਤਾ ਕਿ ਮੈਨੂੰ ਕਈ ਵਾਰ ਸੱਦ ਕੇ ਮੁੜ ਵਜ਼ਾਰਤ ’ਚ ਸ਼ਾਮਲ ਕਰਨ ਦੀ ਪੇਸ਼ਕਸ਼ ਕੀਤੀ ਗਈ ਪਰ ਮੈਂ ਅਪਣੀ ਜ਼ਮੀਰ ਦੇ ਉਲਟ ਜਾ ਕੇ ਇਹ ਕਬੂਲ ਨਹੀਂ ਕੀਤੀ ਕਿਉਂਕਿ ਮੇਰੀ ਤਾਂ ਇਕੋ-ਇਕ ਪੰਜਾਬ ਦੀ ਖ਼ੁਸ਼ਹਾਲੀ ਹੈ। ਪੰਜਾਬ ਕਾਂਗਰਸ ’ਚ ਪੈਦਾ ਹੋਏ ਕਾਟੋ-ਕਲੇਸ਼ ’ਚ ਹਾਈਕਮਾਨ ਦੇ ਦਖ਼ਲ ਬਾਰੇ ਉਨ੍ਹਾਂ ਕਿਹਾ ਕਿ ਸਾਡੀ ਮਾਨਯੋਗ ਹਾਈਕਮਾਨ ਨੇ ਦਖ਼ਲ ਦਿਤਾ ਹੈ ਅਤੇ ਅਸੀਂ ਹੁਣ ਉਡੀਕ ਕਰਾਂਗੇ। ਉਨ੍ਹਾਂ ਦਾ ਅਸਿੱਧੇ ਤੌਰ ’ਤੇ ਕਹਿਣ ਤੋਂ ਭਾਵ ਹਾਈਕਮਾਨ ਵਲੋਂ ਕੀਤੇ ਜਾਣ ਵਾਲੇ ਫ਼ੈਸਲੇ ਬਾਰੇ ਹੈ।