
ਲਾਸ਼ਾਂ ਆਉਣ ’ਤੇ ਪਿੰਡ ’ਚ ਸੰਨਾਟਾ ਫੈਲ ਗਿਆ ਅਤੇ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ।
ਗੁਰਦਾਸਪੁਰ - ਕੁਝ ਦਿਨ ਪਹਿਲਾਂ ਸਮੁੰਦਰੀ ਤੂਫਾਨ ਨੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਪਿੰਡ ਭਰਥ ਦੇ ਦੋ ਨੌਜਵਾਨ ਖੋਹ ਲਏ, ਜਿਨਾਂ ਦੀਆਂ ਮ੍ਰਿਤਕ ਦੇਹਾਂ ਬੀਤੇ ਦਿਨ ਪਿੰਡ ਪਹੁੰਚ ਗਈਆਂ ਸਨ। ਲਾਸ਼ਾਂ ਆਉਣ ’ਤੇ ਪਿੰਡ ’ਚ ਸੰਨਾਟਾ ਫੈਲ ਗਿਆ ਅਤੇ ਚਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨਾਂ ਵਿਚ ਮਨਜੀਤ ਸਿੰਘ ਦੀ ਉਮਰ 35 ਸਾਲ ਹੈ, ਜਦੋਂ ਕਿ ਕੁਲਵਿੰਦਰ ਸਿੰਘ ਦੀ ਉਮਰ 45 ਸਾਲ ਸੀ। ਉਕਤ ਦੋਵੇਂ ਨੌਜਵਾਨ ਪਿੰਡ ਭਰਥ ਨਾਲ ਸਬੰਧਿਤ ਹਨ, ਜੋ ਕਰੀਬ ਛੇ ਮਹੀਨੇ ਪਹਿਲਾਂ ਹੀ ਇਕ ਪ੍ਰਾਈਵੇਟ ਕੰਪਨੀ ਰਾਹੀਂ ਸਮੁੰਦਰੀ ਜਹਾਜ ਵਿੱਚ ਕੰਮ ਕਰ ਲਈ ਮੁੰਬਈ ਗਏ ਸਨ। ਸਮੁੰਦਰੀ ਤੂਫਾਨ ਆਉਣ ਕਾਰਨ ਉਨ੍ਹਾਂ ਦਾ ਜਹਾਜ ਡੁੱਬ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪਿੰਡ ਭਰਥ ਪੁੱਜੀਆਂ, ਜਿਸ ਦੌਰਾਨ ਪਿੰਡ ਵਿੱਚ ਮਾਤਮ ਦਾ ਮਾਹੌਲ ਦੇਖਣ ਨੂੰ ਮਿਲਿਆ।
ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਦੋਨੋ ਮ੍ਰਿਤਕ ਆਪਣੇ ਆਪਣੇ ਘਰ ਵਿੱਚੋਂ ਇਕੱਲੇ ਹੀ ਕਮਾਉਣ ਵਾਲੇ ਮੈਂਬਰ ਸਨ, ਜੋ ਆਪਣੇ ਪਿੱਛੇ ਛੋਟੇ ਬੱਚੇ ਛੱਡ ਗਏ ਹਨ। ਮ੍ਰਿਤਕ ਨੌਜਵਾਨਾਂ ਦੀਆਂ ਪਤਨੀਆਂ ਰਾਜਵਿੰਦਰ ਕੌਰ ਅਤੇ ਰਾਜ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਹਾਲਤ ਵਧੀਆ ਨਹੀਂ ਹੈ ਜਿਸ ਕਾਰਨ ਉਨ੍ਹਾਂ ਸਰਕਾਰ ਤੋਂ ਆਰਥਿਕ ਸਹਿਯੋਗ ਦੀ ਮੰਗ ਕੀਤੀ।