
ਸੌਦਾ ਸਾਧ ਦੀ ਪੈਰੋਲ ਬਾਰੇ ਅਕਾਲੀਆਂ ਦੀ ਚੁੱਪੀ ’ਤੇ ਜੀ.ਕੇ. ਨੇ ਖੜੇ ਕੀਤੇ ਤਿੱਖੇ ਸਵਾਲ
ਨਵੀਂ ਦਿੱਲੀ: 22 ਮਈ (ਅਮਨਦੀਪ ਸਿੰਘ) ਸੌਦਾ ਸਾਧ ਨੂੰ ਪੈਰੋਲ ਦਿਤੇ ਜਾਣ ਬਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੁੱਪੀ ’ਤੇ ਤਿੱਖੇ ਸਵਾਲ ਚੁਕਦੇ ਹੋਏ ‘ਜਾਗੋ’ ਪਾਰਟੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ ਕਿਹਾ, ਬਦਫੈਲੀਆਂ ਦੇ ਦੋਸ਼ ਵਿਚ ਸਜ਼ਾ ਭੁਗਤ ਰਹੇ ਸੌਦਾ ਸਾਧ ਨੂੂੰ ਪੈਰੋਲ ਦੇਣ ਬਾਰੇ ਸੁਖਬੀਰ ਸਿੰਘ ਬਾਦਲ, ਦਿੱਲੀ ਗੁਰਦਵਾਰਾ ਕਮੇਟੀ ਤੇ ਸ਼੍ਰੋਮਣੀ ਕਮੇਟੀ ਚੁਪੀ ਧਾਰ ਕੇ ਕਿਉਂ ਬੈਠ ਗਏ ਹਨ? ਕੀ ਇਹ ਪੰਥ ਦੀ ਨੁਮਾਇੰਦਗੀ ਨਹੀਂ ਕਰਦੇ ?
ਅੱਜ ਇਕ ਵੀਡੀਉ ਜਾਰੀ ਕਰ ਕੇ ਉਨ੍ਹਾਂ ਪੁਛਿਆ, ‘ਰਾਜੋਆਣਾ ਸਾਹਬ, ਹਵਾਰਾ ਸਾਹਿਬ ਤੇ ਹੋਰ ਸਿੱਖ ਬੰਦੀਆਂ ਨੂੰ ਤਾਂ ਪੈਰੋਲ ਨਹੀਂ ਦਿਤੀ ਜਾਂਦੀ, ਪਰ ਸੌਦਾ ਸਾਧ ਨੂੰ ਦਿਤੀ ਜਾ ਸਕਦੀ ਹੈ। ਕਿਉਂ?’ ਉਨ੍ਹਾਂ ਇਸ ਮਸਲੇ ਦੇ ਪਿਛੋਕੜ ਵਿਚ ਅਕਾਲੀਆਂ ਦੇ ਰੋਲ ਨੂੰ ਸ਼ੱਕੀ ਮੰਨਦੇ ਹੋਏ ਕਿਹਾ, ‘ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਸਲੇ ਤੋਂ ਲੈ ਕੇ ਸੌਦਾ ਸਾਧ ਦੀ ਫ਼ਿਲਮ ਚਲਾਉਣ ਲਈ ਉਸ ਨੂੰ ਸੁਰੱਖਿਆ ਦਿਤੀ ਗਈ, ਪਰ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸਰੂਪਾਂ ਦਾ ਕੋਈ ਕੇਸ ਨਹੀਂ ਦਰਜ ਹੋਣ ਦਿਤਾ ਗਿਆ। ਇਸ ਦੇ ਰੋਸ ਵਜੋਂ ਨੌਜਵਾਨਾਂ ਦੇ ਸ਼ਾਂਤਮਈ ਧਰਨਾ ਲਾਇਆ, ਉਨ੍ਹਾਂ ’ਤੇ ਗੋਲੀਆਂ ਚਲਾਈਆਂ ਗਈਆਂ ਕਿਉਂਕਿ ਅਕਾਲੀਆਂ ਨੇ ਵਿਧਾਨ ਸਭਾ ਚੋਣਾਂ ’ਚ ਡੇਰਾ ਪ੍ਰੇਮੀਆਂ ਦੀ ਵੋਟਾਂ ਲੈਣੀਆਂ ਸਨ। ਪਿਛੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਲੈਣ ਲਈ ਅਕਾਲੀ ਦਲ ਬਾਦਲ ਨੇ ਅਕਾਲ ਤਖ਼ਤ ਸਾਹਿਬ ਤੋਂ ਸੌਧਾ ਸਾਧ ਨੂੰ ਮਾਫ਼ੀ ਦਿਵਾਈ ਤੇ ਪੰਥ ਦੇ ਵਿਰੋਧ ਪਿਛੋਂ ਮਾਫ਼ੀ ਰੱਦ ਕਰਨੀ ਪਈ। ਭਾਵੇਂ ਇਸ ਲਈ ਸ਼੍ਰੋਮਣੀ ਕਮੇਟੀ ਗੁਰੂ ਦੀ ਗੋਲਕ ’ਚੋਂ 90 ਲੱਖ ਦੇ ਇਸ਼ਤਿਹਾਰ ਦਿਤੇੇ। ਹੁਣ ਸੌਦਾ ਸਾਧ ਦੇ ਹੱਕ ਵਿਚ ਅਰਦਾਸ ਕੀਤੀ ਗਈ, ਉਸ ਬਾਰੇ ਵੀ ਅਕਾਲੀ ਚੁਪ ਹਨ, ਕਿਉਂ? ਇਹ ਤਾਂ ਪੰਥ ਦੀ ਪਾਰਟੀ ਸੀ?’