
ਮੋਦੀ ਬਲੈਕ ਫ਼ੰਗਸ ਨਾਲ ਲੜਨ ਲਈ ਥਾਲੀ ਤੇ ਤਾੜੀ ਵਜਾਉਣ ਦਾ ਐਲਾਨ ਕਦੇ ਵੀ ਕਰ ਸਕਦੇ ਹਨ : ਰਾਹੁਲ
ਨਵੀਂ ਦਿੱਲੀ, 22 ਮਈ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਲੈਕ ਫ਼ੰਗਸ ਮਹਾਂਮਾਰੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਬੋਲਿਆ ਹੈ | ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਕੁਸ਼ਾਸਨ ਕਾਰਨ ਸਿਰਫ਼ ਭਾਰਤ 'ਚ ਕੋਰੋਨਾ ਨਾਲ ਇਹ ਨਵੀਂ ਮਹਾਂਮਾਰੀ ਫੈਲ ਰਹੀ ਹੈ | ਰਾਹੁਲ ਨੇ ਮਹਾਂਮਾਰੀ ਦਾ ਪ੍ਰਸਾਰ ਰੋਕਣ ਲਈ ਪਿਛਲੇ ਸਾਲ ਤਾਲਾਬੰਦੀ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਥਾਲੀ ਅਤੇ ਤਾੜੀ ਵਜਾਉਣ ਦੀ ਅਪੀਲ 'ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਸ਼੍ਰੀ ਮੋਦੀ ਕਦੇ ਵੀ ਇਸ ਵਾਰ ਬਲੈਕ ਫ਼ੰਗਸ ਮਹਾਂਮਾਰੀ ਨਾਲ ਜੂਝਣ ਲਈ ਫਿਰ ਤਾੜੀ-ਥਾਲੀ ਵਜਾਉਣ ਦਾ ਐਲਾਨ ਕਰ ਸਕਦੇ ਹਨ | ਉਨ੍ਹਾਂ ਟਵੀਟ ਕੀਤਾ,''ਮੋਦੀ ਸਿਸਟਮ ਦੇ ਕੁਸ਼ਾਸਨ ਕਾਰਨ ਸਿਰਫ਼ ਭਾਰਤ 'ਚ ਕੋਰੋਨਾ ਦੇ ਨਾਲ-ਨਾਲ ਬਲੈਕ ਫ਼ੰਗਸ ਮਹਾਂਮਾਰੀ ਹੈ | ਵੈਕਸੀਨ ਦੀ ਘਾਟ ਤਾਂ ਹੈ ਹੀ, ਇਸ ਨਵੀਂ ਮਹਾਂਮਾਰੀ ਦੀ ਦਵਾਈ ਦੀ ਵੀ ਭਾਰੀ ਘਾਟ ਹੈ | ਇਸ ਨਾਲ ਜੂਝਣ ਲਈ ਪ੍ਰਧਾਨ ਮੰਤਰੀ ਤਾੜੀ-ਥਾਲੀ ਵਜਾਉਣ ਦਾ ਐਲਾਨ ਕਰਦੇ ਹੀ ਹੋਣਗੇ |'' (ਏਜੰਸੀ)