
ਉਜ਼ਬੇਕਿਸਤਾਨ-ਕਿਰਗਿਸਤਾਨ ਸਰਹੱਦੀ ਚੌਕੀ ’ਤੇ ਟ੍ਰੇਲਰ ਦੀ ਕਾਰਾਂ ਨਾਲ ਟੱਕਰ, 9 ਲੋਕਾਂ ਦੀ ਮੌਤ
ਤਾਸ਼ਕੰਦ, 22 ਮਈ : ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਵਿਚਾਲੇ ਸਰਹੱਦੀ ਚੌਕੀ ’ਤੇ ਇਕ ਸੜਕ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬੁਲਡੋਜ਼ਰ ਨਾਲ ਲੱਦੇ ਟਰੇਲਰ ਦਾ ਬ੍ਰੇਕ ਫ਼ੇਲ ਹੋ ਗਿਆ, ਜਿਸ ਮਗਰੋਂ ਉਹ 12 ਕਾਰਾਂ ਨਾਲ ਟਕਰਾ ਗਿਆ ਜੋ ਕਿਰਗਿਸਤਾਨ ਦੇ ਬਾਟਕੇਨ ਖੇਤਰ ਦੇ ਕਦਮਝਾਈ ਜ਼ਿਲ੍ਹੇ ਅਤੇ ਫ਼ਰਗਾਨਾ ਖੇਤਰ ਦੇ ਸੋਖ ਦੇ ਉਜ਼ਬੇਕ ਐਨਕਲੇਵ ਦੇ ਵਿਚਕਾਰ ਸਥਿਤ ਸਰਹੱਦੀ ਚੌਕੀ ਨੂੰ ਪਾਰ ਕਰਨ ਦੀ ਉਡੀਕ ਕਰ ਰਹੀਆਂ ਸਨ। ਇਸ ਘਟਨਾ ’ਚ 9 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚੋਂ ਇਕ ਨਾਗਰਿਕ ਉਜ਼ਬੇਕਿਸਤਾਨ ਦਾ ਸੀ ਅਤੇ ਬਾਕੀ 8 ਕਿਰਗਿਸਤਾਨ ਦੇ ਸਨ। ਇਸ ਹਾਦਸੇ ਇਸ ’ਚ 7 ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ’ਚੋਂ 5 ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। (ਏਜੰਸੀ)