
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹਰ ਸਿੱਖ ਨੂੰ ਆਧੁਨਿਕ ਲਾਇਸੈਂਸੀ ਹਥਿਆਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਚੰਡੀਗੜ੍ਹ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹਥਿਆਰ ਰੱਖਣ ਵਾਲੇ ਬਿਆਨ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤੀਕਿਰਿਆ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, “ਮਾਣਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ, ਤੁਹਾਡਾ ਹਥਿਆਰਾਂ ਵਾਲਾ ਬਿਆਨ ਸੁਣਿਆ…। ਜਥੇਦਾਰ ਸਾਬ੍ਹ ਜੀ ਤੁਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਦਾ ਸੰਦੇਸ਼ ਦਿਓ ਨਾ ਕਿ ਹਥਿਆਰ ਰੱਖਣ ਦਾ, ਜਥੇਦਾਰ ਸਾਬ੍ਹ ਆਪਾਂ ਪੰਜਾਬ ਵਿਚ ਸ਼ਾਂਤੀ, ਭਾਈਚਾਰੇ ਅਤੇ ਮਾਡਰਨ ਤਰੱਕੀ ਦੇ ਸੁਨੇਹੇ ਦੇਣੇ ਨੇ ਨਾ ਕਿ ਮਾਡਰਨ ਹਥਿਆਰਾਂ ਦੇ..”।
ਦਰਅਸਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਹਰ ਸਿੱਖ ਨੂੰ ਆਧੁਨਿਕ ਲਾਇਸੈਂਸੀ ਹਥਿਆਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਗੱਲ ਉਹਨਾਂ ਨੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਮੌਕੇ ਸੰਗਤਾਂ ਦੇ ਨਾਮ ਜਾਰੀ ਸੰਦੇਸ਼ ਵਿਚ ਕਹੀ।
ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਚਾਰ ਯੁੱਧ ਲੜੇ ਅਤੇ ਚਾਰੇ ਜਿੱਤੇ। ਹੁਣ ਸਮਾਂ ਆ ਗਿਆ ਹੈ ਕਿ ਸਿੱਖ ਬਾਣੀ ਦਾ ਜਾਪ ਕਰਕੇ ਤਕੜੇ ਹੋ ਜਾਣ ਅਤੇ ਹਰ ਸਿੱਖ ਹਥਿਆਰਬੰਦ ਹੋ ਜਾਵੇ। ਜਥੇਦਾਰ ਨੇ ਕਿਹਾ ਕਿ ਹਰ ਸਿੱਖ ਨੂੰ ਕਾਨੂੰਨੀ ਤਰੀਕੇ ਨਾਲ ਲਾਇਸੈਂਸੀ ਆਧੁਨਿਕ ਹਥਿਆਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਮਾਂ ਇਹੋ ਜਿਹਾ ਹੈ ਅਤੇ ਸਥਿਤੀ ਵੀ ਇਹੋ ਜਿਹੀ ਬਣ ਗਈ ਹੈ।