ਮਾਨ ਸਰਕਾਰ ਨੇ ਏਡੀਜੀਪੀ ਲਾਅ ਐਂਡ ਆਰਡਰ ਨੂੰ ਹਟਾਇਆ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੁਲਿਸ ਅਤੇ ਪ੍ਰਸ਼ਾਸਨਿਕ ਫੇਰਬਦਲ ਦੌਰਾਨ 70 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਪੰਜਾਬ ਪੁਲਿਸ ਵਿਚ 19 ਆਈਪੀਐਸ ਤੇ 9 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਜਦਕਿ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਪੰਜਾਬ ਸਰਕਾਰ ਵੱਲੋਂ 7 ਆਈਏਐਸ, 1 ਆਈਐਫਐਸ ਅਤੇ 34 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ।
ਸਭ ਤੋਂ ਖਾਸ ਗੱਲ ਇਹ ਹੈ ਕਿ ਮਾਨ ਸਰਕਾਰ ਨੇ ਏਡੀਜੀਪੀ ਲਾਅ ਐਂਡ ਆਰਡਰ ਨਰੇਸ਼ ਕੁਮਾਰ ਨੂੰ ਹਟਾ ਦਿੱਤਾ ਹੈ। ਫਿਲਹਾਲ ਇਹ ਚਾਰਜ ਕਿਸੇ ਹੋਰ ਅਧਿਕਾਰੀ ਨੂੰ ਨਹੀਂ ਦਿੱਤਾ ਗਿਆ ਹੈ। ਅਮਨ-ਕਾਨੂੰਨ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਦੂਜੇ ਪਾਸੇ ਕਪੂਰਥਲਾ ਦੇ ਡੀਸੀ ਵਿਸ਼ੇਸ਼ ਸਾਰੰਗਲ ਨੂੰ ਵੀ ਕਪੂਰਥਲਾ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਦਿੱਤਾ ਗਿਆ ਹੈ। ਕਰਨੈਲ ਸਿੰਘ ਨੂੰ ਅੰਮ੍ਰਿਤਸਰ ਨਗਰ ਨਿਗਮ ਦਾ ਕਮਿਸ਼ਨਰ ਲਾਇਆ ਗਿਆ ਹੈ।
ਉਧਰ ਗੁਰਪ੍ਰੀਤ ਕੌਰ ਸਪਰਾ ਹੁਣ ਵਿੱਤ ਸਕੱਤਰ ਦੇ ਨਾਲ-ਨਾਲ ਜਲੰਧਰ ਦੀ ਡਿਵੀਜ਼ਨਲ ਕਮਿਸ਼ਨਰ ਹੋਣਗੇ। ਪ੍ਰਦੀਪ ਕੁਮਾਰ ਨੂੰ ਟਰਾਂਸਪੋਰਟ ਵਿਭਾਗ ਦਾ ਵਿਸ਼ੇਸ਼ ਸਕੱਤਰ ਲਾਇਆ ਗਿਆ ਹੈ। ਨੀਲਿਮਾ ਨੂੰ ਫੂਡ ਐਂਡ ਡਰੱਗ ਕਮਿਸ਼ਨਰ ਅਤੇ ਸਟੇਟ ਹੈਲਥ ਏਜੰਸੀ ਦਾ ਸੀਈਓ ਬਣਾਇਆ ਗਿਆ ਹੈ। ਰਾਜੀਵ ਕੁਮਾਰ ਗੁਪਤਾ ਡੀਪੀਆਈ ਕਾਲਜ ਅਤੇ ਤਕਨੀਕੀ ਸਿੱਖਿਆ ਸਕੱਤਰ ਹੋਣਗੇ। ਟੀ.ਬੇਨੀਥ ਨੂੰ ਮਾਨਸਾ ਦਾ ਏ.ਡੀ.ਸੀ ਵਿਕਾਸ ਤਾਇਨਾਤ ਕਰਕੇ ਸ਼ਹਿਰੀ ਵਿਕਾਸ ਦਾ ਚਾਰਜ ਵੀ ਦਿੱਤਾ ਗਿਆ ਹੈ।
ਆਈਐਫਐਸ ਅਧਿਕਾਰੀ ਮਨੀਸ਼ ਕੁਮਾਰ ਨੂੰ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਏਡੀਜੀਪੀ ਨਰੇਸ਼ ਕੁਮਾਰ ਨੂੰ ਮਨੁੱਖੀ ਅਧਿਕਾਰਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਐਮਐਫ ਫਾਰੂਕੀ ਨੂੰ ਏਡੀਜੀਪੀ ਰੇਲਵੇ ਤਾਇਨਾਤ ਕੀਤਾ ਗਿਆ ਹੈ।
ਜੀ. ਨਾਗੇਸ਼ਵਰ ਰਾਓ ਨੂੰ ਏਡੀਜੀਪੀ ਪ੍ਰੋਵੀਜ਼ਨਿੰਗ ਬਣਾਇਆ ਗਿਆ ਹੈ। ਐਲਕੇ ਯਾਦਵ ਨੂੰ ਨਵੀਂ ਤਾਇਨਾਤੀ ਤੱਕ ਡੀਜੀਪੀ ਨੂੰ ਰਿਪੋਰਟ ਕਰਨ ਲਈ ਕਿਹਾ ਗਿਆ ਹੈ। ਨਰਿੰਦਰ ਭਾਰਗਵ ਲੁਧਿਆਣਾ ਦੇ ਨਵੇਂ ਸੰਯੁਕਤ ਪੁਲਿਸ ਕਮਿਸ਼ਨਰ ਹੋਣਗੇ।