
ਰਾਹੁਲ ਗਾਂਧੀ ਨੂੰ ਦੇਸ਼ 'ਚ ਕੋਈ ਨਹੀਂ ਸੁਣਦਾ, ਇਸ ਲਈ ਉਹ ਅਪਣੀ ਭੜਾਸ ਵਿਦੇਸ਼ ਵਿਚ ਕੱਢ ਰਹੇ ਹਨ : ਸ਼ਿਵਰਾਜ ਚੌਹਾਨ
ਕਿਹਾ, ਰਾਹੁਲ ਗਾਂਧੀ ਦੇਸ਼ ਦੇ ਸੱਭ ਤੋਂ ਅਸਫ਼ਲ ਤੇ ਨਿਰਾਸ਼ ਆਗੂ ਹਨ
ਭੋਪਾਲ, 22 ਮਈ : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੇਸ਼ ਦੇ ਸੱਭ ਤੋਂ ਅਸਫ਼ਲ, ਨਿਰਾਸ਼ ਅਤੇ ਹਤਾਸ਼ ਆਗੂ ਹਨ ਅਤੇ ਹੁਣ ਦੇਸ਼ 'ਚ ਕੋਈ ਉਨ੍ਹਾਂ ਦੀ ਸੁਣਦਾ ਨਹੀਂ ਹੈ, ਇਸ ਲਈ ਉਹ ਅਪਣੀ ਨਿਰਾਸ਼ਾ-ਹਤਾਸ਼ਾ ਵਿਦੇਸ਼ ਵਿਚ ਕੱਢ ਰਹੇ ਹਨ | ਲੰਡਨ 'ਚ ਇਕ ਸੰਮੇਲਨ 'ਚ ਕੀਤੀ ਗਈ ਟਿੱਪਣੀ ਨੂੰ ਲੈ ਕੇ ਚੌਹਾਨ ਨੇ ਕਾਂਗਰਸ ਆਗੂ 'ਤੇ ਤਿੱਖਾ ਹਮਲਾ ਕੀਤਾ |
ਚੌਹਾਨ ਨੇ ਟਵੀਟ ਕੀਤਾ, ''ਰਾਹੁਲ ਗਾਂਧੀ ਦੇਸ਼ ਦੇ ਸੱਭ ਤੋਂ ਅਸਫ਼ਲ, ਹਤਾਸ਼ ਤੇ ਨਿਰਾਸ਼ ਆਗੂ ਹਨ | ਵਿਦੇਸ਼ੀ ਧਰਤੀ 'ਤੇ ਜਾ ਕੇ ਕੋਈ ਦੇਸ਼ਭਗਤ ਆਗੂ ਰਾਹੁਲ ਗਾਂਧੀ ਦੀ ਤਰ੍ਹਾਂ ਦੇਸ਼ ਵਿਰੋਧੀ ਬਿਆਨ ਨਹੀਂ ਦਿੰਦਾ | ਹੁਣ ਦੇਸ਼ 'ਚ ਕੋਈ ਉਨ੍ਹਾਂ ਦੀ ਨਹੀਂ ਸੁਣਦਾ ਹੈ ਇਸ ਲਈ ਅਪਣੀ ਨਿਰਾਸ਼ਾ ਤੇ ਹਿਤਾਸ਼ਾ ਵਿਦੇਸ਼ ਵਿਚ ਕੱਢ ਰਹੇ ਹਨ |'' ਉਨ੍ਹਾਂ ਅੱਗੇ ਲਿਖਿਆ, ''ਇਹ ਬਿਆਨ ਦੇ ਕੇ ਰਾਹੁਲ ਗਾਂਧੀ ਨੇ ਅਪਣੀ ਦੇਸ਼ਭਗਤੀ 'ਤੇ ਹੀ ਸਵਾਲੀਆ ਨਿਸ਼ਾਨ ਖੜਾ ਕਰ ਦਿਤਾ ਹੈ | ਅਸੀਂ ਕਦੇ ਵੀ ਵਿਦੇਸ਼ ਜਾ ਕੇ ਦੇਸ਼ ਦੀ ਆਲੋਚਨਾ ਨਹੀਂ ਕੀਤੀ, ਪਰ ਇਕ ਨਿਰਾਸ਼ ਵਿਅਕਤੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ?'' ਚੌਹਾਨ ਨੇ ਕਿਹਾ ਕਿ ਹੈਰਾਨੀ ਹੈ ਕਿ ਇਸੇ ਆਗੂ ਨੂੰ ਕਾਂਗਰਸ ਦੇ ਕੁੱਝ ਨੇਤਾ ਕਾਂਗਰਸ ਦਾ ਪ੍ਰਧਾਨ ਬਣਾਉਣ ਦੀ ਮਹਿੰਮ ਚਲਾ ਰਹੇ ਹਨ, ਫਿਰ ਤਾਂ ਕਾਂਗਰਸ ਦਾ ਭਗਵਾਨ ਹੀ ਮਾਲਕ ਹੈ | ਭਾਜਪਾ ਦੇ ਸੀਨੀਅਰ ਆਗੂ ਨੇ ਕਿਹਾ, ''ਜਦੋਂ ਡਾ.ਮਨਮੋਹਨ ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਸਨ ਅਤੇ ਮੈਂ ਅਮਰੀਕਾ ਦੌਰੇ 'ਤੇ ਸੀ, ਤਾਂ ਉਥੇ ਦੇ ਪੱਤਰਕਾਰਾਂ ਨੇ ਮੈਨੂੰ ਸਵਾਲ ਕੀਤਾ ਸੀ ਕਿ ਕੀ ਮਨਮੋਹਨ ਸਿੰਘ 'ਅੰਡਰਅਚੀਵਰ' ਹਨ, ਇਸ 'ਤੇ ਮੈਂ ਜਵਾਬ ਦਿਤਾ ਸੀ ਕਿ ਉਹ ਕਾਂਗਰਸ ਦੇ ਨਹੀਂ, ਭਾਰਤ ਦੇ ਪ੍ਰਧਾਨ ਮੰਤਰੀ ਹਨ ਅਤੇ ਭਾਰਤ ਦਾ ਪ੍ਰਧਾਨ ਮੰਤਰੀ ਕਦੇ 'ਅੰਡਰਅਚੀਵਰ' ਨਹੀਂ ਹੋ ਸਕਦਾ |'' (ਏਜੰਸੀ)