
ਕੇਂਦਰ ਸਰਕਾਰ ਦੀ ਤਰਜ਼ 'ਤੇ ਹੁਣ ਸੂਬਾ ਸਰਕਾਰਾਂ ਵੀ ਵੈਟ 'ਚ ਕਟੌਤੀ ਕਰ ਰਹੀਆਂ ਹਨ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿਚ ਹੋਰ ਕਮੀ ਦੀ ਸੰਭਾਵਨਾ ਵਧ ਗਈ ਹੈ।
ਚੰਡੀਗੜ੍ਹ: ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਪੰਜਾਬ ਸਰਕਾਰ ਨੂੰ ਪੈਟਰੋਲ-ਡੀਜ਼ਲ ’ਤੇ ਵੈਟ ਘਟਾਉਣ ਦੀ ਅਪੀਲ ਕੀਤੀ ਹੈ। ਕਾਂਗਰਸੀ ਵਿਧਾਇਕ ਨੇ ਟਵੀਟ ਕਰਦਿਆਂ ਕਿਹਾ ਕਿ ਕੇਂਦਰ ਵੱਲੋਂ ਐਕਸਾਈਜ਼ ਡਿਊਟੀ ਵਿਚ ਕਟੌਤੀ ਕਰਨ ਤੋਂ ਬਾਅਦ ਵੀ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਤੇਲ ਕੀਮਤਾਂ ਅਜੇ ਵੀ ਜ਼ਿਆਦਾ ਹਨ।
ਉਹਨਾਂ ਲਿਖਿਆ, “ਕੇਂਦਰ ਤੋਂ ਬਾਅਦ ਗੈਰ-ਭਾਜਪਾ ਸ਼ਾਸਤ ਸੂਬਿਆਂ ਨੇ ਵੀ ਪੈਟਰੋਲ 'ਤੇ ਵੈਟ ਘਟਾ ਦਿੱਤਾ ਹੈ। ਮੈਂ CM ਭਗਵੰਤ ਮਾਨ ਜੀ ਨੂੰ ਪੰਜਾਬ ’ਚ ਵੈਟ ਘਟਾਉਣ ਦੀ ਅਪੀਲ ਕਰਦਾ ਹਾਂ ਕਿਉਂਕਿ ਇਸ ਕਟੌਤੀ ਤੋਂ ਬਾਅਦ ਵੀ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਲਈ ਤੇਲ ਕੀਮਤਾਂ ਅਜੇ ਵੀ ਜ਼ਿਆਦਾ ਹਨ”।
ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 'ਚ ਵੱਡੀ ਕਟੌਤੀ ਕੀਤੀ ਹੈ, ਜਿਸ ਤੋਂ ਬਾਅਦ ਕੀਮਤਾਂ 'ਚ ਕਮੀ ਆਈ ਹੈ। ਕੇਂਦਰ ਸਰਕਾਰ ਦੀ ਤਰਜ਼ 'ਤੇ ਹੁਣ ਸੂਬਾ ਸਰਕਾਰਾਂ ਵੀ ਵੈਟ 'ਚ ਕਟੌਤੀ ਕਰ ਰਹੀਆਂ ਹਨ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿਚ ਹੋਰ ਕਮੀ ਦੀ ਸੰਭਾਵਨਾ ਵਧ ਗਈ ਹੈ। ਇਸ ਦੌਰਾਨ ਤਿੰਨ ਗੈਰ ਭਾਜਪਾ ਸ਼ਾਸਤ ਸੂਬਿਆਂ ਕੇਰਲ, ਰਾਜਸਥਾਨ ਅਤੇ ਮਹਾਰਾਸ਼ਟਰ ਨੇ ਵੀ ਪੈਟਰੋਲ-ਡੀਜ਼ਲ ’ਤੇ ਵੈਟ ਘਟਾਇਆ ਹੈ। ਇਸ ਦੇ ਚਲਦਿਆਂ ਪੰਜਾਬ ਸਰਕਾਰ ਉੱਤੇ ਵੀ ਵੈਟ ਘਟਾਉਣ ਲਈ ਦਬਾਅ ਬਣਦਾ ਜਾ ਰਿਹਾ ਹੈ।