
ਇਜ਼ਰਾਈਲ ’ਚ ਮੰਕੀਪਾਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
ਤੇਲ ਅਵੀਵ, 22 ਮਈ : ਇਜ਼ਰਾਈਲੀ ਅਧਿਕਾਰੀਆਂ ਨੇ ਕਿਹਾ ਹੈ ਕਿ ਵਿਦੇਸ਼ ਤੋਂ ਪਰਤਣ ਵਾਲੇ ਇੱਕ ਵਿਅਕਤੀ ਦੇ ਮੰਕੀਪੌਕਸ ਨਾਲ ਸੰਕ੍ਰਮਿਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਅਤੇ ਉਹ ਹੋਰ ਸ਼ੱਕੀ ਮਰੀਜ਼ਾਂ ਦੀ ਭਾਲ ਵਿਚ ਜੁਟੇ ਹੋਏ ਹਨ। ਇਜ਼ਰਾਈਲ ਦੇ ਸਿਹਤ ਮੰਤਰਾਲੇ ਨੇ ਸਲਿਚਰਵਾਰ ਨੂੰ ਕਿਹਾ ਕਿ ਤੇਲ ਅਵੀਵ ਦੇ ਇਕ ਹਸਪਤਾਲ ਵਿਚ ਦਾਖ਼ਲ ਮਰੀਜ਼ ਦੀ ਹਾਲਤ ਠੀਕ ਹੈ। ਮੰਤਰਾਲੇ ਨੇ ਵਿਦੇਸ਼ਾਂ ਤੋਂ ਪਰਤਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਬੁਖ਼ਾਰ ਹੁੰਦਾ ਹੈ ਅਤੇ ਦਾਣੇ ਨਿਕਲਦੇ ਹਨ ਤਾਂ ਉਹ ਤੁਰਤ ਡਾਕਟਰ ਨਾਲ ਸੰਪਰਕ ਕਰਨ।
ਸਿਹਤ ਮੰਤਰਾਲੇ ਵਿਚ ਜਨਤਕ ਸਿਹਤ ਸੇਵਾਵਾਂ ਦੇ ਮੁਖੀ ਸ਼ੈਰਨ ਐਲਰੋ-ਪ੍ਰੀਸ ਨੇ ਐਤਵਾਰ ਨੂੰ ਇਜ਼ਰਾਈਲੀ ਆਰਮੀ ਰੇਡੀਉ ਨੂੰ ਦਸਿਆ ਕਿ ਮੈਡੀਕਲ ਟੀਮਾਂ ਹੋਰ ਸ਼ੱਕੀ ਮੰਕੀਪਾਕਸ ਮਰੀਜ਼ਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀਆਂ ਹਨ। ਇਜ਼ਰਾਈਲ ਵਿਚ ਮੰਕੀਪਾਕਸ ਦਾ ਇਹ ਮਾਮਲਾ ਪਛਮੀ ਏਸ਼ੀਆ ਵਿਚ ਇਸ ਲਾਗ ਦਾ ਪਹਿਲਾ ਜਾਣਿਆ ਜਾਣ ਵਾਲਾ ਮਾਮਲਾ ਦਸਿਆ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਦੁਨੀਆਂ ਭਰ ਵਿਚ ਮੰਕੀਪਾਕਸ ਦੀ ਲਾਗ ਦੇ ਲਗਭਗ 80 ਪੁਸ਼ਟੀ ਕੀਤੇ ਕੇਸਾਂ ਅਤੇ ਲਗਭਗ 50 ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਹੈ।
ਮੰਕੀਪਾਕਸ ਲਾਗ ਦੇ ਮਾਮਲੇ ਪਹਿਲਾਂ ਸਿਰਫ਼ ਮੱਧ ਅਤੇ ਪਛਮੀ ਅਫ਼ਰੀਕਾ ਨਾਲ ਸਬੰਧਤ ਲੋਕਾਂ ਵਿਚ ਦੇਖੇ ਜਾਂਦੇ ਸਨ ਪਰ ਹੁਣ ਬ੍ਰਿਟੇਨ, ਸਪੇਨ, ਪੁਰਤਗਾਲ, ਇਟਲੀ, ਅਮਰੀਕਾ, ਸਵੀਡਨ ਅਤੇ ਕੈਨੇਡਾ ਵਿੱਚ ਵੀ ਮਰੀਜ਼ ਸਾਹਮਣੇ ਆਏ ਹਨ। (ਏਜੰਸੀ)
ਇਨ੍ਹਾਂ ਵਿਚੋਂ ਜ਼ਿਆਦਾਤਰ ਮਰੀਜ਼ ਨੌਜਵਾਨ ਹਨ ਅਤੇ ਉਨ੍ਹਾਂ ਦਾ ਅਫ਼ਰੀਕਾ ਦੀ ਯਾਤਰਾ ਦਾ ਕੋਈ ਇਤਿਹਾਸ ਨਹੀਂ ਹੈ। ਫ਼ਰਾਂਸ, ਜਰਮਨੀ, ਬੈਲਜੀਅਮ ਅਤੇ ਆਸਟ੍ਰੇਲੀਆ ਵਿਚ ਵੀ ਮੰਕੀਪਾਕਸ ਦੇ ਮਾਮਲੇ ਸਾਹਮਣੇ ਆਏ ਹਨ। ਮੰਕੀਪਾਕਸ ਲਈ ਜ਼ਿੰਮੇਵਾਰ ਵਾਇਰਸ ਬਾਂਦਰਾਂ ਅਤੇ ਹੋਰ ਜੰਗਲੀ ਜਾਨਵਰਾਂ ਵਿਚ ਪੈਦਾ ਹੁੰਦਾ ਹੈ। ਜ਼ਿਆਦਾਤਰ ਸੰਕਰਮਿਤ ਮਰੀਜ਼ਾਂ ਵਿਚ ਬੁਖ਼ਾਰ, ਸਰੀਰ ਵਿਚ ਦਰਦ, ਠੰਢ ਅਤੇ ਥਕਾਵਟ ਦੇ ਲੱਛਣ ਦੇਖੇ ਗਏ ਹਨ। ਗੰਭੀਰ ਮਾਮਲਿਆਂ ਵਿਚ ਮਰੀਜ਼ਾਂ ਦੇ ਚਿਹਰੇ, ਹੱਥਾਂ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਧੱਫ਼ੜ ਅਤੇ ਦਾਣੇ ਵੀ ਦਿਖਾਈ ਦੇ ਸਕਦੇ ਹਨ। (ਏਜੰਸੀ)