
ਹਰਜਿੰਦਰ ਧਾਮੀ ਨੇ ਕਿਹਾ ਕਿ ਉਹਨਾਂ ਨੇ ਇਸ ਦੇ ਲਈ ਸਬ ਕਮੇਟੀ ਬਣਾ ਦਿੱਤੀ ਹੈ ਜੋ ਕਿ ਮਿਲ ਕੇ ਇਸ ਦੀਆਂ ਸ਼ਰਤਾਂ ਤੈਅ ਕਰੇਗੀ ਤੇ ਅੱਗੇ ਦੀ ਕਰਾਵਾਈ ਕੀਤੀ ਜਾਵੇਗੀ।
ਅੰਮ੍ਰਤਸਰ - ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰਾਂ ਨੂੰ ਲੈ ਕੇ ਵਿਵਾਦ ਦਿਨੋ ਦਿਨ ਵਧ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਬਾਣੀ ਪ੍ਰਸਾਰਣ ਦਾ ਸਾਰਾ ਖਰਚਾ ਉਠਾਉਣ ਦੇ ਐਲਾਨ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਏ ਦਿਨ ਕੋਈ ਨਾ ਕੋਈ ਬਿਆਨ ਜਾਰੀ ਕਰ ਦਿੰਦੀ ਹੈ ਤੇ ਅੱਜ ਫਇਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪ੍ਰੈਸ ਕਾਰਨਫਰੰਸ ਕਰ ਕੇ ਕਿਹਾ ਗਿਆ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਗੁਰਬਾਣੀ ਪ੍ਰਸਾਰਣ ਲਈ ਖੁੱਲ੍ਹੇ ਟੈਂਡਰ ਮੰਗਿਆ ਕਰੇਗੀ।
ਹਰਜਿੰਦਰ ਧਾਮੀ ਨੇ ਕਿਹਾ ਕਿ ਉਹਨਾਂ ਨੇ ਇਸ ਦੇ ਲਈ ਸਬ ਕਮੇਟੀ ਬਣਾ ਦਿੱਤੀ ਹੈ ਜੋ ਕਿ ਮਿਲ ਕੇ ਇਸ ਦੀਆਂ ਸ਼ਰਤਾਂ ਤੈਅ ਕਰੇਗੀ ਤੇ ਅੱਗੇ ਦੀ ਕਰਾਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਕੋਈ ਵੀ ਚੈਨਲ ਇਸ ਲਈ ਅਪਲਾਈ ਕਰ ਸਕਦਾ ਹੈ ਪਰ ਜੋ ਵੀ ਚੈਨਲ ਹੋਵੇਗਾ ਉਹ ਜਾਰੀ ਹਦਾਇਤਾਂ ਦੀ ਪਾਲਣਾ ਕਰੇਗਾ। ਉਨਾਂ ਨੂੰ ਹੀ ਟੈਂਡਰ ਭਰਨ ਦਾ ਅਧਿਕਾਰ ਹੋਵੇਗਾ। ਉਹਨਾਂ ਨੇ ਕਿਹਾ ਕਿ ਜੋ ਵੀ ਚੈਨਲ ਗੁਰਬਾਣੀ ਦਾ ਪ੍ਰਸਾਰਣ ਕਰੇਗਾ ਉਸ ਨੂੰ ਗੁਰਬਾਣੀ ਦਾ ਪ੍ਰਸਾਰ ਦੇਸ਼-ਦੁਨੀਆਂ ਤੱਕ ਕਰਨਾ ਪਵੇਗਾ।
ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੀ ਬਿਆਨ ਦਿੱਤਾ ਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਦੇ ਇਸ਼ਾਰੇ 'ਤੇ ਬੋਲ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਸੀਐਮ ਮਾਨ ਆਪਣੇ ਸ਼ਬਦਾਂ 'ਤੇ ਕੰਟਰੋਲ ਰੱਖਣ ਤੇ ਗੁਰਬਾਣੀ ਨੂੰ ਵੇਚਣ ਵਰਗੇ ਸ਼ਬਦਾਂ ਦਾ ਉਪਯੋਗ ਨਾ ਕਰਨ।