
ਕਿਹਾ, ਪੰਜਾਬ ਦਾ ਨੁਕਸਾਨ ਕਰਨ ਵਾਲੇ ਡੇਰਿਆਂ ਨੂੰ ਬੰਦ ਕਰਨ ਦੀ ਲੋੜ
ਫਰੀਦਕੋਟ : ਬਹਿਬਲ ਕਲਾਂ ਇਨਸਾਫ਼ ਮੋਰਚਾ ਦੇ ਆਗੂ ਸੁਖਰਾਜ ਸਿੰਘ ਨਿਆਮੀਵਾਲਾ ਨੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਸਾਜ਼ਸ਼ਕਰਤਾ ਸੰਦੀਪ ਬਰੇਟਾ ਨੂੰ ਬੰਗਲੌਰ ਹਵਾਈ ਅੱਡੇ ’ਤੇ ਡਿਟੇਨ ਕਰਨ ਵਾਲੀ ਟੀਮ ਦਾ ਧਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਪਿਛਲੇ 8 ਸਾਲਾਂ ਤੋਂ ਪੰਜਾਬ ਵਿਚ ਲਾਂਬੂ ਲਾਇਆ ਹੋਇਆ ਸੀ। ਬੇਅਦਬੀ ਦੇ ਦੁਖਾਂਤ ਪਿਛੇ ਇਨ੍ਹਾਂ ਲੋਕਾਂ ਦਾ ਹੱਥ ਹੈ, ਇਸ ਦੁਖਾਂਤ ਨੇ ਹਰ ਸਿੱਖ ਦੇ ਹਿਰਦੇ ਵਲੂੰਧਰੇ ਹਨ। ਸੰਦੀਪ ਬਰੇਟਾ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਮਕੈਨੀਕਲ ਥਰੋਮਬੇਕਟੋਮੀ ਨੇ ਬ੍ਰੇਨ ਸਟਰੋਕ ਦੇ ਇਲਾਜ 'ਚ ਲਿਆਂਦੀ ਨਵੀਂ ਕ੍ਰਾਂਤੀ
ਸੁਖਰਾਜ ਸਿੰਘ ਨੇ ਆਸ ਪ੍ਰਗਟਾਈ ਕਿ ਇਕ ਦੋਸ਼ੀ ਦੇ ਗ੍ਰਿਫ਼ਤਾਰ ਹੋਣ ਨਾਲ ਜਾਂਚ ਲਈ ਅਗਲੇ ਰਾਹ ਖੁਲ੍ਹਣਗੇ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਵੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਸੌਦਾ ਸਾਧ ਦੀ ਦੇਖ-ਰੇਖ ਹੇਠ ਇਹ ਸਾਰੀਆਂ ਘਟਨਾਵਾਂ ਵਾਪਰੀਆਂ, ਇਸ ਲਈ ਉਸ ਨੂੰ ਵੀ ਪੰਜਾਬ ਲਿਆ ਕੇ ਪੁਛਗਿਛ ਕੀਤੀ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪੇਂਡੂ ਮਜ਼ਦੂਰ ਯੂਨੀਅਨ ਨੇ ਸੂਬਾ ਪੱਧਰੀ ਸੱਦੇ ਤਹਿਤ ਡਿਪਟੀ ਕਮਿਸ਼ਨਰ ਮੋਗਾ ਦੇ ਬਾਹਰ ਦਿਤਾ ਧਰਨਾ
ਸੁਖਰਾਜ ਸਿੰਘ ਨੇ ਦਸਿਆ ਕਿ ਇਨ੍ਹਾਂ ਲੋਕਾਂ ਨੇ ਬਰਗਾੜੀ ਅਤੇ ਭਗਤੇ 'ਚ ਬੇਅਦਬੀ ਦੀ ਸਾਜ਼ਸ਼ ਰਚੀ ਸੀ। ਇਨ੍ਹਾਂ ਨੇ ਉਸ ਗੁਰੂ ਦੇ ਅੰਗ ਗਲੀਆਂ ਵਿਚ ਖਿਲਾਰੇ, ਜਿਸ ਅੱਗੇ ਲੋਕ ਅਪਣੀਆਂ ਅਰਦਾਸਾਂ-ਬੇਨਤੀਆਂ ਕਰਦੇ ਹਨ। ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਨਿਆਮੀਵਾਲਾ ਨੇ ਕਿਹਾ ਕਿ ਇਨ੍ਹਾਂ ਨੂੰ ਸਜ਼ਾ-ਏ-ਮੌਤ ਹੋਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਪਨਾਹ ਦੇਣ ਵਾਲੇ ਸਿਆਸੀ ਲੋਕਾਂ ਜਾਂ ਅਫ਼ਸਰਾਂ ਵਿਰੁਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਦਾਲਤ ਵਲੋਂ ਭਗੌੜਾ ਐਲਾਨੇ ਜਾਣ ਮਗਰੋਂ ਕੋਈ ਵਿਅਕਤੀ ਵੱਡੇ ਲੋਕਾਂ ਦੀ ਪੁਸ਼ਤਪਨਾਹੀ ਤੋਂ ਬਿਨਾਂ ਇੰਨੇ ਲੰਬੇ ਸਮੇਂ ਤਕ ਨਹੀਂ ਬਚ ਸਕਦਾ।
ਇਹ ਵੀ ਪੜ੍ਹੋ: ‘ਆਪ’ ਨੇ ਪੁਲਿਸ ’ਤੇ ਲਗਾਇਆ ਸਿਸੋਦੀਆ ਨਾਲ ਬਦਸਲੂਕੀ ਕਰਨ ਦਾ ਇਲਜ਼ਾਮ, ਦਿੱਲੀ ਪੁਲਿਸ ਨੇ ਕੀਤਾ ਇਨਕਾਰ
ਸੁਖਰਾਜ ਸਿੰਘ ਨੇ ਕਿਹਾ ਕਿ ਇਸ ਦੌਰਾਨ ਮੌੜ ਬੰਬ ਧਮਾਕੇ ਸਬੰਧੀ ਵੀ ਅਹਿਮ ਖੁਲਾਸੇ ਹੋ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦਾ ਨੁਕਸਾਨ ਕਰਨ ਵਾਲੇ ਡੇਰਿਆਂ ਨੂੰ ਸੂਬੇ ਵਿਚ ਬੰਦ ਕੀਤਾ ਜਾਣਾ ਚਾਹੀਦਾ ਹੈ।