
ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ (59) ਵਾਸੀ ਖਾਲਸਾ ਸਕੂਲ ਰੋਡ, ਖੰਨਾ ਵਜੋਂ ਹੋਈ
Khanna News : ਖੰਨਾ ਦੇ ਇੱਕ ਆੜ੍ਹਤੀਏ ਨੇ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਗੁਰਲਾਲ ਸਿੰਘ (59) ਵਾਸੀ ਖਾਲਸਾ ਸਕੂਲ ਰੋਡ, ਖੰਨਾ ਵਜੋਂ ਹੋਈ ਹੈ। ਗੁਰਲਾਲ ਨੇ ਪਿੰਡ ਕੌੜੀ ਨੇੜੇ ਰੇਲਗੱਡੀ ਅੱਗੇ ਛਾਲ ਮਾਰ ਦਿੱਤੀ ਹੈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੋਲੋਂ ਮਿਲੇ ਮੋਬਾਈਲ ਫੋਨ ਤੋਂ ਮ੍ਰਿਤਕ ਦੀ ਪਛਾਣ ਹੋਈ ਹੈ।
ਕਾਰੋਬਾਰ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ ਆੜਤੀਆ
ਆੜ੍ਹਤੀਏ ਗੁਰਲਾਲ ਸਿੰਘ ਦੀ ਅਨਾਜ ਮੰਡੀ ਖੰਨਾ ਵਿੱਚ ਦੁਕਾਨ ਹੈ। ਆੜ੍ਹਤ ਦੇ ਇਸ ਕਾਰੋਬਾਰ ਵਿਚ ਦੋ ਹਿੱਸੇਦਾਰ ਦੱਸੇ ਜਾਂਦੇ ਹਨ। ਫਿਲਹਾਲ ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਗੁਰਲਾਲ ਸਿੰਘ ਪਿਛਲੇ ਕਾਫੀ ਸਮੇਂ ਤੋਂ ਕਾਰੋਬਾਰ 'ਚ ਹੋਏ ਨੁਕਸਾਨ ਕਾਰਨ ਪ੍ਰੇਸ਼ਾਨ ਸੀ। ਇਸੇ ਪ੍ਰੇਸ਼ਾਨੀ ਕਾਰਨ ਗੁਰਲਾਲ ਸਿੰਘ ਨੇ ਅਜਿਹਾ ਕਦਮ ਚੁੱਕ ਲਿਆ। ਹਾਲਾਂਕਿ, ਰੇਲਵੇ ਪੁਲਿਸ ਨੂੰ ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਜਾਂ ਕੋਈ ਹੋਰ ਸਬੂਤ ਨਹੀਂ ਮਿਲਿਆ, ਜਿਸ ਨਾਲ ਖੁਦਕੁਸ਼ੀ ਲਈ ਕਿਸੇ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕੇ।
ਪੁਲਿਸ ਨੂੰ ਸਟੇਸ਼ਨ ਮਾਸਟਰ ਤੋਂ ਮਿਲੀ ਸੂਚਨਾ
ਜੀਆਰਪੀ ਖੰਨਾ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਸਟੇਸ਼ਨ ਮਾਸਟਰ ਨੇ ਮੀਮੋ ਰਾਹੀਂ ਸੂਚਨਾ ਦਿੱਤੀ ਸੀ ਕਿ ਪਿੰਡ ਕੌੜੀ ਵਿੱਚ ਕਿਸੇ ਵਿਅਕਤੀ ਦੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਹੈ। ਉਹ ਤੁਰੰਤ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ। ਉਥੇ ਦੇਖਿਆ ਕਿ ਇਹ ਖੁਦਕੁਸ਼ੀ ਦਾ ਮਾਮਲਾ ਸੀ।
ਥੋੜੀ ਦੂਰੀ 'ਤੇ ਇਕ ਮੋਬਾਈਲ ਫੋਨ ਸੀ ,ਜਿਸ 'ਤੇ ਕਾਲ ਆ ਰਹੀ ਸੀ। ਕਾਲ ਮਿਲਣ 'ਤੇ ਮ੍ਰਿਤਕ ਦੀ ਪਛਾਣ ਹੋ ਗਈ। ਦਾਣਾ ਮੰਡੀ ਵਿੱਚ ਆੜ੍ਹਤ ਦਾ ਕੰਮ ਕਰਦੇ ਗੁਰਲਾਲ ਸਿੰਘ ਨੇ ਮਾਨਸਿਕ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਲਈ। ਪੁਲੀਸ ਨੇ ਗੁਰਲਾਲ ਸਿੰਘ ਦੇ ਲੜਕੇ ਅਤੇ ਗੁਆਂਢੀ ਦੇ ਬਿਆਨ ਦਰਜ ਕਰਕੇ ਧਾਰਾ 174 ਤਹਿਤ ਕਾਰਵਾਈ ਕਰਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।