
ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਵਿਦੇਸ਼ੀ ਮਾਮਲਿਆਂ ਦੀ ਮੰਤਰੀ ਬੀਬੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ.....
ਚੰਡੀਗੜ੍ਹ : ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਵਿਦੇਸ਼ੀ ਮਾਮਲਿਆਂ ਦੀ ਮੰਤਰੀ ਬੀਬੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਦੀ ਓਰੇਗੋਨ ਸੰਘੀ ਜੇਲ ਵਿਚ ਕੈਦ ਪੰਜਾਬੀਆਂ ਦੇ ਸ਼ਨਾਖਤ ਦੇ ਮੁੱਦੇ ਨੂੰ ਉਠਾਉਣ ਅਤੇ ਅਪਣੇ ਅਮਰੀਕੀ ਹਮਰੁਤਬਾ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਕੂਟਨੀਤੀਕ ਅਤੇ ਕਾਨੂੰਨੀ ਸਹਾਇਤਾ ਮੁਹਈਆ ਕਰਵਾਉਣ।
ਬੀਬੀ ਬਾਦਲ ਨੇ ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੀਡੀਆ ਰਿਪੋਰਟਾਂ ਅਨੁਸਾਰ ਓਰੇਗੋਨ ਜੇਲ ਵਿਚ 52 ਭਾਰਤੀ ਕੈਦ ਕੀਤੇ ਗਏ ਹਨ, ਪਰ ਉਨ੍ਹਾਂ ਦੀ ਸ਼ਨਾਖਤ ਬਾਰੇ ਕੋਈ ਉਘ ਸੁੱਘ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੀ ਓਰੇਗੋਨ ਵਿਚ ਕੈਦ ਪੰਜਾਬੀਆਂ ਦੀ ਸ਼ਨਾਖਤ ਨਹੀਂ ਕਰ ਪਾਈ ਹੈ ਕਿਉਂਕਿ ਇਸ ਵਲੋ ਕੰਟਰੋਲ ਰੂਮ ਸਥਾਪਤ ਕਰਨ ਅਤੇ ਪੀੜਤ ਪਰਵਾਰਾਂ ਨਾਲ ਸੰਪਰਕ ਕਰਨ ਦਾ ਕੋਈ ਯਤਨ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿਚ ਬੀਬੀ ਸੁਸ਼ਮਾ ਸਵਰਾਜ ਓਰੇਗੋਨ ਵਿਚ ਪੰਜਾਬੀਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਭਾਰਤੀ ਦੂਤਾਵਾਸ ਨੂੰ ਕਹਿ ਸਕਦੇ ਹਨ।ਬੀਬੀ ਬਾਦਲ ਨੇ ਕਿਹਾ ਕਿ ਅਮਰੀਕਾ ਤੋਂ ਆ ਰਹੀਆਂ ਖ਼ਬਰਾਂ ਨੇ ਇਸ ਸੰਕੇਤ ਦਿਤਾ ਹੈ ਕਿ ਇਨ੍ਹਾਂ ਕੈਦੀਆਂ ਨੂੰ ਵਕੀਲਾਂ ਦੀ ਸਹੂਲਤ ਨਹੀਂ ਦਿਤੀ ਜਾ ਰਹੀ ਹੈ।
ਉਨ੍ਹਾਂ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇਸ ਬਾਰੇ ਅਪਣੇ ਅਮਰੀਕੀ ਹਮਰੁਤਬਾਵਾਂ ਨਾਲ ਗੱਲ ਕਰਨ ਅਤੇ ਅਮਰੀਕੀ ਅਧਿਕਾਰੀਆਂ ਬੇਨਤੀ ਕਰਨ ਕਿ ਉਹ ਅਪੀਲ ਕਰਨ ਦਾ ਮੌਕਾ ਦਿਤੇ ਕਿਸੇ ਵੀ ਕੈਦੀ ਨੂੰ ਡਿਪੋਰਟ ਨਾ ਕਰਨ।