
ਫ਼ਿਰੋਜ਼ਪੁਰ ਤੋਂ ਮਮਦੋਟ ਅਪਣੇ ਮੋਟਰ ਸਾਈਕਲ 'ਤੇ ਆ ਰਹੇ ਵਿਅਕਤੀ ਤੇ 3 ਅਣਪਛਾਤੇ ਮੋਟਰ ਸਾਈਕਲ ਸਵਾਰ ਵਿਅਕਤੀਆਂ ਵਲੋਂ ਲੁੱਟ-ਖੋਹ ਕਰਨ ਦੀ ਨੀਅਤ ...
ਮਮਦੋਟ, ਫ਼ਿਰੋਜ਼ਪੁਰ ਤੋਂ ਮਮਦੋਟ ਅਪਣੇ ਮੋਟਰ ਸਾਈਕਲ 'ਤੇ ਆ ਰਹੇ ਵਿਅਕਤੀ ਤੇ 3 ਅਣਪਛਾਤੇ ਮੋਟਰ ਸਾਈਕਲ ਸਵਾਰ ਵਿਅਕਤੀਆਂ ਵਲੋਂ ਲੁੱਟ-ਖੋਹ ਕਰਨ ਦੀ ਨੀਅਤ ਨਾਲ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਲੁੱਟ ਖੋਹ ਦੇ ਸ਼ਿਕਾਰ ਹੋਏ ਵਿਅਕਤੀ ਸੁਖਦੇਵ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਬਸਤੀ ਮੋਹਰ ਸਿੰਘ ਵਾਲੀ ਦੇ ਭਰਾ ਬੂਟਾ ਸਿੰਘ ਨੇ ਦਸਿਆ ਕਿ ਉਸ ਦਾ ਭਰਾ ਸੁਖਦੇਵ ਸਿੰਘ ਬੀਤੀ 19 ਜੂਨ ਨੂੰ ਰਾਤ ਕਰੀਬ 9 ਵਜੇ ਫ਼ਿਰੋਜਪੁਰ ਤੋਂ ਮਮਦੋਟ ਆ ਰਿਹਾ ਸੀ ਕਿ ਜਦੋਂ ਉਹ ਖਾਈ ਟੀ ਪੁਆਇੰਟ 'ਤੇ ਪਹੁੰਚਿਆ ਤਾਂ 3 ਅਣਪਛਾਤੇ ਵਿਅਕਤੀਆਂ ਵਲੋਂ ਲੁੱਟ-ਖੋਹ ਕਰਨ ਦੀ ਨੀਅਤ ਨਾਲ ਉਸ ਦੇ ਪਿਛੇ ਮੋਟਰ ਸਾਈਕਲ ਲਗਾ ਦਿਤੇ।
ਉਸ ਨੇ ਦਸਿਆ ਕਿ ਜਦੋਂ ਉਸ ਦਾ ਭਰਾ ਅਪਣੇ ਮੋਟਰ ਸਾਈਕਲ 'ਤੇ ਪਿੰਡ ਜੋਧਪੁਰ ਦੇ ਅੱਡੇ ਕੋਲ ਪਹੁੰਚਿਆ ਤਾਂ ਉਸ ਦਾ ਪਿਛਾ ਕਰ ਰਹੇ ਅਣਪਛਾਤੇ ਵਿਅਕਤੀਆਂ ਨੇ ਉਸ ਉਪਰ ਰਾਡਾਂ ਨਾਲ ਹਮਲਾ ਕਰ ਦਿਤਾ ਅਤੇ ਮੇਰਾ ਭਰਾ ਮੋਟਰ ਸਾਈਕਲ ਤਂੋ ਡਿੱਗ ਪਿਆ ਅਤੇ ਉਸ ਤੋਂ ਬਾਅਦ ਉਸ ਦੇ ਸਿਰ ਉਪਰ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਅਤੇ ਉਸ ਦੀ ਜੇਬ ਵਿਚੋਂ ਕਰੀਬ 800 ਰੁਪਏ ਨਕਦੀ ਅਤੇ ਹੋਰ ਸਮਾਨ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਜ਼ਖ਼ਮੀ ਹੋਏ ਸੁਖਦੇਵ ਸਿੰਘ ਨੂੰ ਲੋਕਾਂ ਵਲੋਂ ਸਿਵਲ ਹਸਪਤਾਲ ਮਮਦੋਟ ਵਿਖੇ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਮੁਢਲੀ ਸਹਾਇਤਾ ਦੇ ਕੇ ਉਸ ਨੂੰ ਅੱਗੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਰੈਫ਼ਰ ਕਰ ਦਿਤਾ ਅਤੇ ਜਿੱਥੇ ਉਸ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਡਾਕਟਰਾ ਵਲੋਂ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫ਼ਰ ਕਰ ਦਿਤਾ, ਜਿੱਥੇ ਮੇਰੇ ਭਰਾ ਦਾ ਇਲਾਜ ਚੱਲ ਰਿਹਾ ਹੈ। ਬੂਟਾ ਸਿੰਘ ਨੇ ਅੱਗੇ ਦਸਿਆ ਕਿ ਮੇਰੇ ਭਰਾ ਨੂੰ ਅੱਜ ਹੋਸ਼ ਆਉਣ 'ਤੇ ਉਸ ਨੇ ਇਸ ਸਾਰੀ ਘਟਨਾ ਬਾਰੇ ਸਾਨੂੰ ਦਸਿਆ ਹੈ ਅਤੇ ਇਸ ਸਬੰਧੀ ਅਸੀ ਲਿਖਤੀ ਤੌਰ 'ਤੇ ਥਾਣਾ ਮਮਦੋਟ ਵਿਖੇ ਇਤਲਾਹ ਦੇ ਦਿਤੀ ਹੈ।