
ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਘੁਲਾਟੀਏ ਮਰਹੂਮ ਨਰਪਤ ਸਿੰਘ ਦੇ ਪਰਵਾਰ ਨੂੰ ਮਕਾਨ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ.....
ਐਸ.ਏ.ਐਸ. ਨਗਰ : ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਘੁਲਾਟੀਏ ਮਰਹੂਮ ਨਰਪਤ ਸਿੰਘ ਦੇ ਪਰਵਾਰ ਨੂੰ ਮਕਾਨ ਖਾਲੀ ਕਰਨ ਦਾ ਨੋਟਿਸ ਭੇਜਿਆ ਗਿਆ ਹੈ, ਜਿਸ ਕਾਰਨ ਆਜ਼ਾਦੀ ਘੁਲਾਟੀਆਂ ਅਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਮਰਹੂਮ ਨਰਪਤ ਸਿੰਘ ਦੀ ਧਰਮਪਤਨੀ ਭਾਗਵੰਤੀ, ਪੋਤਰਾ ਮਹੇਸ਼ ਕੁਮਾਰ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਸਰਕਾਰੀ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਵਧੀਕ ਡੀਸੀ ਰਾਹੀਂ ਮੁੱਖ ਮੰਤਰੀ ਨੂੰ ਮੰਗ ਭੇਜਿਆ, ਜਿਸ ਵਿਚ ਮੰਗ ਕੀਤੀ ਗਈ ਕਿ ਆਜ਼ਾਦੀ ਘੁਲਾਟੀਏ ਦੇ ਪਰਵਾਰ ਦਾ ਉਜਾੜਾ ਰੋਕਿਆ ਜਾਵੇ।
ਪਿੰਡ ਕੁੰਭੜਾ ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ, ਬੀਬੀ ਭਾਗਵੰਤੀ, ਮੋਤਰਾ ਮਹੇਸ਼ ਕੁਮਾਰ, ਦੋ ਬੇਟੀਆਂ ਸਲੋਚਨਾ ਦੇਵੀ ਤੇ ਲਕਸ਼ਮੀ ਦੇਵੀ, ਛੱਤਰ ਸਿੰਘ ਨੰਬਰਦਾਰ ਮਾਜਰੀ, ਗੁਰਦਿਆਲ ਸਿੰਘ ਪੰਚ, ਰਾਜੇਸ਼ ਕੁਮਾਰ, ਸ਼ਿਵਾਨੀ ਸ਼ਰਮਾ, ਚਰਨਜੀਤ ਕੌਰ ਆਦਿ ਨੇ ਦੱਸਿਆ ਕਿ ਸਵਰਗੀ ਨਰਪਤ ਸਿੰਘ ਇਕ ਸੱਚੇ ਦੇਸ਼ ਭਗਤ ਅਤੇ ਇਮਾਨਦਾਰ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਉਸ ਸਮੇਂ ਸਰਕਾਰੀ ਪੈਨਸ਼ਨ ਲੈਣ ਤੋਂ ਵੀ ਇਨਕਾਰ ਕਰ ਦਿਤਾ ਸੀ ਤਾਂ ਜੋ ਸਰਕਾਰ ਉਤੇ ਕੋਈ ਭਾਰ ਨਾ ਪਵੇ। ਸ੍ਰੀ ਕੁੰਭੜਾ ਨੇ ਦੱਸਿਆ ਕਿ ਸੰਨ 1984 ਵਿਚ ਨਰਪਤ ਸਿੰਘ ਦੀ ਮੌਤ 'ਤੇ ਉਸ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ
ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸੋਗ ਮਤਾ ਭੇਜ ਕੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਦੇ ਹੁਕਮਾਂ 'ਤੇ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਵੱਲੋਂ ਪਰਿਵਾਰ ਨੂੰ ਪਲਾਟ ਅਲਾਟ ਕੀਤਾ ਗਿਆ ਸੀ। ਇਸ ਪਲਾਟ ਵਿੱਚ ਉਨ੍ਹਾਂ ਦੀ ਸਮਾਧ ਵੀ ਬਣੀ ਹੋਈ ਹੈ। ਮਹੇਸ਼ ਕੁਮਾਰ ਦੇ ਪਿਤਾ ਦੀ ਮੌਤ ਤੋਂ ਬਾਅਦ ਹੁਣ ਉਹ ਆਪਣੇ ਪਰਿਵਾਰ ਸਮੇਤ ਆਪਣੇ ਦਾਦਾ ਸਵਰਗੀ ਨਰਪਤ ਸਿੰਘ ਦੇ ਇਸ ਪਲਾਟ ਉੱਤੇ ਬਣੇ ਮਕਾਨ ਵਿੱਚ ਰਹਿ ਰਹੇ ਹਨ। ਪ੍ਰੰਤੂ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਨੇ ਸਵਰਗੀ ਨਰਪਤ ਸਿੰਘ ਦੀ ਕੁਰਬਾਨੀ ਨੂੰ ਅੱਖੋਂ ਪਰੋਖੇ ਕਰਦੇ ਹੋਏ ਡੀਡੀਪੀਓ ਰਾਹੀਂ ਉਨ੍ਹਾਂ ਨੂੰ ਉਕਤ ਜਗ੍ਹਾ ਖਾਲੀ ਕਰਨ ਲਈ ਨੋਟਿਸ ਭੇਜੇ ਗਏ ਹਨ। ਇਸ ਮੌਕੇ ਮਰਹੂਮ ਨਰਪਤ ਸਿੰਘ ਦੀ
ਧਰਮਪਤਨੀ, ਪੋਤਰਾ ਮਹੇਸ਼ ਕੁਮਾਰ ਦੇ ਪਰਵਾਰ ਵਲੋਂ ਪਿੰਡ ਦੇ ਕੁਝ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਦੇ ਨਾਂ ਲਿਖਿਆ ਮੰਗ ਪੱਤਰ ਏਡੀਸੀ ਚਰਨਦੇਵ ਸਿੰਘ ਮਾਨ ਨੂੰ ਸੌਂਪਿਆ ਗਿਆ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਮਕਾਨ ਖਾਲੀ ਕਰਨ ਲਈ ਭੇਜੇ ਗਏ ਨੋਟਿਸ ਤੁਰਤ ਦਾਖ਼ਲ ਦਫ਼ਤਰ ਕਰਨ ਲਈ ਡੀਡੀਪੀਓ ਨੂੰ ਹੁਕਮ ਜਾਰੀ ਕੀਤੇ ਜਾਣ। ਏਡੀਸੀ ਸ੍ਰੀ ਮਾਨ ਨੇ ਪਰਿਵਾਰਕ ਮੈਂਬਰਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੰਦਿਆਂ ਡੀਡੀਪੀਓ ਕੋਲ ਵੀ ਭੇਜਿਆ ਗਿਆ। ਡੀਡੀਪੀਓ ਨੇ ਪਰਵਾਰ ਨੂੰ ਕਿਹਾ ਕਿ ਉਹ ਨੋਟਿਸ ਦਾ ਜਵਾਬ ਤਿਆਰ ਕਰ ਕੇ ਉਨ੍ਹਾਂ ਨੂੰ ਦੇਣ। ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪ੍ਰੋ. ਮਨਜੀਤ ਸਿੰਘ, ਬਲਵਿੰਦਰ ਸਿੰਘ ਮਾਣਕਪੁਰ ਕੱਲਰ, ਅਵਤਾਰ ਸਿੰਘ ਮੱਕੜਿਆਂ, ਲਖਬੀਰ ਸਿੰਘ ਬਡਾਲਾ, ਸੁਰਿੰਦਰ ਸਿੰਘ ਕੰਡਾਲਾ, ਰਾਜਿੰਦਰਪਾਲ ਸਿੰਘ ਮੱਕੜਿਆਂ, ਗੁਰਦਿਆਲ ਸਿੰਘ ਮਾਜਰੀ, ਅਵਤਾਰ ਖਾਨ ਆਦਿ ਵੀ ਹਾਜ਼ਰ ਸਨ।