
ਤੈਨਾਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਨਾਲ ਵੀ ਕੋਈ ਗੱਲ ਨਹੀਂ ਕਰਨੀ, ਇਥੋਂ ਤਕ ਕਿ ਰੈਫ਼ਰੈਂਸ ਲਾਇਬ੍ਰੇਰੀ ਦੀ ਗੱਲ ਕਰਨ 'ਤੇ ਸਾਫ਼ ਇਨਕਾਰ ਕਰ ਦਿਤਾ ਜਾਵੇ
ਅੰਮ੍ਰਿਤਸਰ (ਚਰਨਜੀਤ ਸਿੰਘ): ਰੋਜ਼ਾਨਾ ਸਪੋਕਸਮੈਨ ਵਿਚ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੇ ਗਾਇਬ ਹੋਏੇ ਇਕ ਸਰੂਪ ਦਾ ਮਾਮਲਾ ਜਨਤਕ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਸਿੱਖ ਰੈਫ਼ਰੈਂਸ ਲਾਇਬ੍ਰੇਰੀ ਵਿਚ ਸਖ਼ਤੀ ਕਰ ਦਿਤੀ ਗਈ ਹੈ। ਤੈਨਾਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਿਸੇ ਨਾਲ ਵੀ ਕੋਈ ਗੱਲ ਨਹੀਂ ਕਰਨੀ, ਇਥੋਂ ਤਕ ਕਿ ਰੈਫ਼ਰੈਂਸ ਲਾਇਬ੍ਰੇਰੀ ਦੀ ਗੱਲ ਕਰਨ 'ਤੇ ਸਾਫ਼ ਇਨਕਾਰ ਕਰ ਦਿਤਾ ਜਾਵੇ।
Sikh Reference Library
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪ ਦਾ ਮਾਮਲਾ ਇਸ ਤੋਂ ਪਹਿਲਾਂ ਵੀ ਅਣਗਿਣਤ ਵਾਰ ਜਨਤਕ ਹੋਇਆ ਸੀ ਪਰ ਸ਼੍ਰੋਮਣੀ ਕਮੇਟੀ ਦੀ ਬਾਬੂਸ਼ਾਹੀ ਨੇ ਕਦੇ ਵੀ ਇਸ ਮਾਮਲੇ 'ਤੇ ਗੰਭੀਰਤਾ ਨਹੀਂ ਦਿਖਾਈ। ਦਸਿਆ ਜਾਂਦਾ ਹੈ ਕਿ ਸਾਲ 2000-01 ਦੇ ਆਸ ਪਾਸ ਇਕ ਸਾਬਕਾ ਜਥੇਦਾਰ ਇਕ ਸਰੂਪ ਅਪਣੇ ਨਾਲ ਵਿਦੇਸ਼ ਲੈ ਗਿਆ ਸੀ। ਇਸ ਸਰੂਪ ਬਾਰੇ ਬਾਅਦ ਵਿਚ ਕਦੇ ਵੀ ਕੋਈ ਉਘ ਸੁਘ ਨਹੀਂ ਮਿਲੀ। ਇਸ ਮਾਮਲੇ ਨੂੰ ਜਦ ਰੋਜ਼ਾਨਾ ਸਪੋਕਸਮੈਨ ਨੇ ਜਨਤਕ ਕੀਤਾ ਤਾਂ ਉਚ ਅਧਿਕਾਰੀਆਂ ਨੂੰ ਹੋਸ਼ ਆਈ ਤੇ ਲੱਗਾ ਕਿ ਅਸੀ ਕੌਮ ਦੇ ਅਣਮੁਲੇ ਖ਼ਜ਼ਾਨੇ ਨਾਲ ਧ੍ਰੋਹ ਕਮਾ ਬੈਠੇ ਹਾਂ।
Rozana Spokesman
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਾਇਬ ਹੋਏ ਸਰੂਪ ਆਖ਼ਰ ਗਏ ਕਿਥੇ, ਕਿੰਨੇ ਸਰੂਪ ਗਾਇਬ ਹਨ, ਕੌਣ ਕੌਣ ਇਸ ਵਗਦੀ ਗੰਗਾ ਵਿਚੋਂ ਹੱਥ ਧੋ ਗਿਆ? ਹਰ ਕੋਈ ਕਿਆਸ ਅਰਾਈਆਂ ਲਗਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਗਲਿਆਰਿਆਂ ਵਿਚ ਲੰਮੇ ਸਮੇਂ ਤੋਂ ਚਰਚਾ ਚਲਦੀ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਕ ਸਰੂਪ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਸਰੂਪ 4000 ਪਾਉਂਡ ਵਿਚ ਵਿਕਿਆ, ਨੂੰ ਅਕਾਲ ਤਖ਼ਤ ਸਾਹਿਬ ਦਾ ਸਾਬਕਾ ਜਥੇਦਾਰ ਲੈ ਗਿਆ ਸੀ।
Sikh Reference Library
ਇਸ ਕੰਮ ਵਿਚ 'ਜਥੇਦਾਰ' ਦੀ ਮਦਦ ਇਕ ਪ੍ਰਚਾਰਕ ਅਤੇ ਸ੍ਰੀ ਦਰਬਾਰ ਸਾਹਿਬ ਦੇ ਇਕ ਸਾਬਕਾ ਮੈਨੇਜਰ ਨੇ ਕੀਤੀ। ਦਸਿਆ ਜਾ ਰਿਹਾ ਹੈ ਕਿ ਇਸ ਸਰੂਪ ਤਕ ਹੀ ਗੱਲ ਸੀਮਤ ਨਹੀਂ ਰਹੀ। ਵਿਦੇਸ਼ ਵਿਚ ਕਈ ਸਰੂਪ ਗਏ ਤੇ ਮਹਿੰਗੇ ਮੁਲ ਵਿਕੇ ਜਿਨ੍ਹਾਂ ਵਿਚ ਇਕ ਦੁਰਲਭ ਸਰੂਪ ਉਹ ਵੀ ਹੈ ਜਿਸ ਨੂੰ ਅੱਠ ਨੁਕਰਾਂ ਵਾਲਾ ਸਰੂਪ ਵੀ ਕਿਹਾ ਜਾਂਦਾ ਹੈ। ਇਸ ਸਾਰੇ ਮਾਮਲੇ ਦੀ ਜਾਂਚ ਕਰਨ ਵਾਲੀ ਕਮੇਟੀ ਦੇ ਮੈਂਬਰਾਂ ਵਿਚੋਂ ਜ਼ਿਆਦਾਤਰ ਉਸ ਵੇਲੇ ਸ਼੍ਰੋਮਣੀ ਕਮੇਟੀ ਵਿਚ ਅਹੁਦੇਦਾਰ ਸਨ। ਕੀ ਇਹ ਲੋਕ ਕੌਮ ਨੂੰ ਇਨਸਾਫ਼ ਦੇ ਸਕਣਗੇ?