
ਤੇਲ ਕੀਮਤਾਂ ’ਚ ਵਾਧੇ ਨੂੰ ਲੈ ਕੇ ਪ੍ਰਧਾਨ ਮੰਤਰੀ, ਕਾਂਗਰਸ ਦੇ ਨਿਸ਼ਾਨੇ ’ਤੇ....
ਖੰਨਾ, 22 ਜੂਨ (ਏ.ਐਸ. ਖੰਨਾ) : ਅੱਜ ਲਗਾਤਾਰ 16ਵੇਂ ਦਿਨ ਪਟਰੌਲ ਤੇ ਡੀਜ਼ਲ ਦੇ ਭਾਅ ਵਧਾਏ ਜਾਣ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਇਕ ਵਾਰ ਮੁੜ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਪੰਜਾਬ ਦੇ ਜੰਗਲਾਤ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਨੇ ਭਾਜਪਾ ਸਰਕਾਰ ਨੂੰ ਅੱਜ ਫਿਰ ਤੀਜੀ ਵਾਰ ਆੜੇ ਹੱਥੀਂ ਲੈਂਦਿਆਂ ਸਵਾਲ ਪੁਛਿਆ ਕਿ ਯੂਪੀਏ ਦੇ ਕਾਰਜਕਾਲ ਦੌਰਾਨ ਤੇਲ ਕੀਮਤਾਂ ’ਚ ਕੀਤੇ ਮਾਮੂਲੀ ਵਾਧੇ ’ਤੇ ਕਾਵਾਂਰੌਲੀ ਪਾਉਣ ਵਾਲੇ ਭਾਜਪਾ ਆਗੂ ਅੱਜ ਮੂੰਹ ’ਚ ਘੁੰਗਣੀਆਂ ਕਿਉਂ ਪਾਈ ਬੈਠੇ ਹਨ? ਹਰ ਰੋਜ਼ ਤੇਲ ਦੇ ਭਾਅ ਵਧਾ ਕੇ ਲੋਕਾਂ ਨੂੰ ਕਿਉਂ ਲੁੱਟਿਆ ਜਾ ਰਿਹਾ ਹੈ?
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਲੋਂ ਕੋਰੋਨਾ ਆਫ਼ਤ ’ਚ ਪੈਸੇ ਖੁਣੋ ਟੁੱਟ ਚੁੱਕੇ ਦੇਸ਼ ਦੇ ਆਮ ਲੋਕਾਂ ਦੀਆਂ ਜੇਬਾਂ ’ਚ ਪੈਸੇ ਕੱਢ ਕੇ ਅਮੀਰਾਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ ਹਨ। ਧਰਮਸੋਤ ਨੇ ਕਿਹਾ ਕਿ ਕੇਂਦਰ ਵਲੋਂ ਅੱਜ ਬਿਨਾ ਨਾਗਾ ਸੋਲਵੇਂ ਦਿਨ ਪਟਰੌਲ ਦੀ ਕੀਮਤ 33 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 58 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
Sadhu Singh Dharamsot
ਉਨ੍ਹਾਂ ਕਿਹਾ ਕਿ ਪਿਛਲੇ 16 ਦਿਨਾਂ ਵਿਚ ਹੁਣ ਤਕ ਪੈਟਰੋਲ ਦੀ ਕੀਮਤ ਵਿਚ 8.30 ਰੁਪਏ ਅਤੇ ਡੀਜ਼ਲ ਦੀ ਕੀਮਤ ਵਿਚ 9.46 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਾ ਹੈ ਅਤੇ ਤਾਜ਼ਾ ਵਾਧੇ ਨਾਲ ਪੈਟਰੋਲ ਦੀ ਕੀਮਤ 79.23 ਰੁਪਏ ਤੋਂ ਵਧ ਕੇ 79.56 ਰੁਪਏ ਅਤੇ ਡੀਜ਼ਲ ਦੀ ਕੀਮਤ 78.27 ਰੁਪਏ ਤੋਂ ਵਧ ਕੇ 78.55 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜੋ ਕਿ ਬਹੁਤ ਜ਼ਿਆਦਾ ਹੈ।
ਸਰਦਾਰ ਸਾਧੂ ਸਿੰਘ ਧਰਮਸੋਤ ਨੇ ਕਿਹਾ, ‘‘ਮੋਦੀ ਸਾਹਿਬ! ਰੱਬ ਦਾ ਵਾਸਤਾ ਜੇ! ਹੁਣ ਤਾਂ ਦੇਸ਼ ਦੇ ਲੋਕਾਂ ਤੇ ਤਰਸ ਖਾਉ’’। ਉਨ੍ਹਾਂ ਤੇਲ ਕੀਮਤਾਂ ’ਚ ਕੀਤੇ ਜਾ ਰਹੇ ਇਜ਼ਾਫ਼ੇ ’ਤੇ ਲਗਾਮ ਲਾਉਣ ਅਤੇ ਵਧੇ ਭਾਅ ਨੂੰ ਵਾਪਸ ਲਏ ਜਾਣ ਦੀ ਮੰਗ ਵੀ ਕੀਤੀ ਹੈ।