
ਮੱਕੀ ਦੀ ਬਿਜਾਈ ਹਰ ਹਾਲ ਵਿਚ 30 ਜੂਨ ਤੱਕ ਮੁਕੰਮਲ ਕਰ ਲਓ : ਪੀ ਏ ਯੂ ਮਾਹਿਰ
ਪੰਜਾਬ ਵਿਚ ਇਸ ਸਮੇਂ ਫ਼ਾਲ ਆਰਮੀਵਰਮ ਕੀੜੇ ਦਾ ਹਮਲਾ ਮੱਕੀ ਤੇ ਵੇਖੇ ਜਾਣ ਦੀਆਂ ਖਬਰਾਂ ਵੱਖ ਵੱਖ ਥਾਵਾਂ ਤੋਂ ਆਈਆਂ ਹਨ। ਇਸ ਸੰਬੰਧ ਵਿਚ ਗੱਲ ਕਰਦਿਆਂ ਪੀ ਏ ਯੂ ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ ਪੀ ਕੇ ਛੁਨੇਜਾ ਨੇ ਦੱਸਿਆ ਕਿ ਇਸ ਕੀੜੇ ਦੀ ਸੁੰਡੀ ਦੀ ਪਹਿਚਾਣ ਪਿਛਲੇ ਸਿਰੇ ਵੱਲ ਵਰਗਾਕਾਰ ਵਿੱਚ ਪਏ ਚਾਰ ਬਿੰਦੂਆਂ ਅਤੇ ਸਿਰ ਉੱਪਰ ਚਿੱਟੇ ਰੰਗ ਦੇ ਅੰਗਰੇਜ਼ੀ ਦੇ' Y 'ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ। ਹਮਲੇ ਦੇ ਸ਼ੁਰੂਆਤ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਿਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ਉੱਤੇ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣਦੇ ਹਨ। ਜਦੋਂ ਸੁੰਡੀਆਂ ਵੱਡੀਆਂ ਹੁੰਦੀਆਂ ਹਨ ਤਾਂ ਇਹ ਪੱਤਿਆਂ ਉੱਪਰ ਬੇ-ਤਰਤੀਬੇ ਗੋਲ ਆਕਾਰ ਜਾਂ ਅੰਡਾਕਾਰ ਮੋਰੀਆਂ ਬਣਾਉਂਦੀਆਂ ਹਨ।
photo
ਹਮਲੇ ਵਾਲੇ ਬੂਟੇ ਦੀ ਗੋਭ ਵਿੱਚ ਭਾਰੀ ਮਾਤਰਾ ਵਿੱਚ ਵਿੱਠਾਂ ਹੁੰਦੀਆਂ ਹਨ। ਇਸਦੀ ਰੋਕਥਾਮ ਲਈ ਕੁਝ ਸੁਝਾਅ ਦਿੰਦਿਆਂ ਡਾ ਛੁਨੇਜਾ ਨੇ ਕਿਹਾ ਕਿ ਕੀੜੇ ਦੇ ਵਾਧੇ ਅਤੇ ਫ਼ੈਲਾਅ ਨੂੰ ਸੀਮਿਤ ਕਰਨ ਲਈ ਮੱਕੀ ਦੀ ਬਿਜਾਈ ਸ਼ਿਫ਼ਾਰਸ਼ ਅਨੁਸਾਰ 30 ਜੂਨ ਤੱਕ ਜ਼ਰੂਰ ਮੁਕੰਮਲ ਕਰ ਲੈਣੀ ਚਾਹੀਦੀ ਹੈ। ਜਦਕਿ ਚਾਰੇ ਵਾਲੀ ਮੱਕੀ ਦੀ ਬਿਜਾਈ ਅੱਧ-ਅਪ੍ਰੈਲ ਤੋਂ ਅੱਧ-ਅਗਸਤ ਤੱਕ ਹੀ ਸੀਮਿਤ ਕਰੋ। ਨਾਲ ਹੀ ਚਾਰੇ ਵਾਲੀ ਮੱਕੀ ਵਿੱਚ ਅਤਿ-ਸੰਘਣੀ ਬਿਜਾਈ ਤੋਂ ਗੁਰੇਜ਼ ਕਰੋ ਅਤੇ ਸਿਫਾਰਸ਼ ਕੀਤੀ ਬੀਜ ਦੀ ਮਾਤਰਾ (30 ਕਿੱਲੋ ਪ੍ਰਤੀਏਕੜ) ਕਤਾਰਾਂ ਵਿੱਚ ਬਿਜਾਈ ਲਈ ਵਰਤੋ। ਉਨ੍ਹਾਂ ਕਿਹਾ ਕਿ ਕੀੜੇ ਦਾ ਤੇਜ਼ੀ ਨਾਲ ਫੈਲਾਅ ਰੋਕਣ ਲਈ ਚਾਰੇ ਵਾਲੀ ਮੱਕੀ ਵਿੱਚ ਰਵਾਂਹ/ਬਾਜਰਾ/ਜੁਆਰ ਰਲਾ ਕੇ ਹੀ ਬੀਜਣੇ ਚਾਹੀਦੇ ਹਨ।
photo
ਜੇਕਰ ਫਸਲ ਉੱਪਰ ਕੀੜੇ ਦਾ ਹਮਲਾ ਵਿਖਾਈ ਦੇਵੇ ਤਾਂ ਇਸਦੀ ਰੋਕਥਾਮ ਲਈ 0.4 ਮਿਲੀਲਿਟਰ ਕੋਰਾਜਨ 18.5ਐੱਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 0.5 ਮਿਲੀਲਿਟਰ ਡੈਲੀਗੇਟ 11.7 ਐੱਸ ਸੀ (ਸਪਾਈਨਟੋਰਮ) ਜਾਂ 0.4 ਗ੍ਰਾਮ ਮਿਜ਼ਾਈਲ 5 ਐੱਸ ਜੀ (ਐਮਾਮੈਕਟਿਨਬੈਂਜ਼ੋਏਟ) ਪ੍ਰਤੀਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। 20 ਦਿਨਾਂ ਤੱਕ ਦੀ ਫ਼ਸਲ ਲਈ 120 ਲਿਟਰ/ਘੋਲ ਅਤੇ ਇਸ ਤੋਂ ਵੱਡੀ ਫ਼ਸਲ ਤੇ ਵਾਧੇ ਅਨੁਸਾਰ ਘੋਲ ਦੀ ਮਾਤਰਾ 200 ਲਿਟਰ ਪ੍ਰਤੀ ਏਕੜ ਤੱਕ ਵਧਾਉ।
Corn
ਉਨ੍ਹਾਂ ਕਿਹਾ ਕਿ ਛਿੜਕਾਅ ਕਰਨ ਵੇਲੇ ਸਪਰੇਅ-ਪੰਪ ਦੀ ਨੋਜ਼ਲ ਦੀ ਦਿਸ਼ਾ ਮੱੱਕੀ ਦੀ ਗੋਭ ਵੱਲ ਹੋਣੀ ਚਾਹੀਦੀ ਹੈ।ਚਾਰੇ ਵਾਲੀ ਫ਼ਸਲ ਤੇ ਕੋਰਾਜਨ 18.5 ਐੱਸ ਸੀ ਨੂੰ 0.4 ਮਿਲੀਲਿਟਰ ਪ੍ਰਤੀਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਡਾ ਛੁਨੇਜਾ ਨੇ ਇਸ ਪ੍ਰਤੀ ਸਾਵਧਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਛਿੜਕਾਅ ਉਪਰੰਤ ਚਾਰੇ ਵਾਲੀ ਫਸਲ ਦੀ ਵਰਤੋਂ ਅਗਲੇ 21 ਦਿਨਾਂ ਤਕ ਨਹੀਂ ਕਰਨੀ ਚਾਹੀਦੀ।
photo
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।