
ਬੇਅਦਬੀ ਕਾਂਡ ਤੋਂ ਦੋ ਦਿਨ ਬਾਅਦ 14 ਅਕਤੂਬਰ 2015 ਨੂੰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ
ਕੋਟਕਪੂਰਾ, 22 ਜੂਨ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਤੋਂ ਦੋ ਦਿਨ ਬਾਅਦ 14 ਅਕਤੂਬਰ 2015 ਨੂੰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਨੂੰ ਹੋਰ ਰੰਗਤ ਦੇਣ ਲਈ ਪੁਲਿਸ ਵਲੋਂ ਕੋਟਕਪੂਰਾ ਅਤੇ ਬਾਜਾਖਾਨਾ ਵਿਖੇ ਧਰਨਾਕਾਰੀਆਂ ਵਿਰੁਧ ਹੀ ਦਰਜ ਕੀਤੇ ਦੋ ਵੱਖ-ਵੱਖ ਮਾਮਲੇ ਜਿਥੇ ਪੁਲਿਸ ਲਈ ਅਨੇਕਾਂ ਮੁਸ਼ਕਲਾਂ ਤੇ ਸਮੱਸਿਆਵਾਂ ਪੈਦਾ ਕਰ ਰਹੇ ਹਨ,
ਉਥੇ ਉਕਤ ਮਾਮਲੇ ਕਈ ਸਿਆਸਤਦਾਨਾਂ ਅਤੇ ਕਾਰੋਬਾਰੀਆਂ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ। ਬੀਤੇ ਕਲ ਅਦਾਲਤ ਤੋਂ 24 ਜੂਨ ਤਕ ਸੁਹੇਲ ਸਿੰਘ ਬਰਾੜ ਅਤੇ ਪੰਕਜ ਮੋਟਰਜ਼ ਦੇ ਮੈਨੇਜਿੰਗ ਡਾਇਰੈਕਟਰ ਪੰਕਜ ਬਾਂਸਲ ਦੇ ਲਏ ਗਏ ਪੁਲਿਸ ਰਿਮਾਂਡ ਮੌਕੇ ਜ਼ਿਲ੍ਹਾ ਅਟਾਰਨੀ ਰਜਨੀਸ਼ ਕੁਮਾਰ ਗੋਇਲ ਨੇ ਅਦਾਲਤ ਨੂੰ ਦਸਿਆ ਸੀ ਕਿ ਐਸਆਈਟੀ ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਦੀ ਆਹਮੋ-ਸਾਹਮਣੇ ਬਿਠਾ ਕੇ ਪੁਛਗਿਛ ਕਰਨਾ ਚਾਹੁੰਦੀ ਹੈ।
File Photo
ਐਸਆਈਟੀ ਨੇ ਬਹਿਬਲ ਕਲਾਂ ਗੋਲੀਕਾਂਡ ਸਬੰਧੀ ਦਰਜ ਕੇਸ ਨੰਬਰ 130 ਦੇ ਜੁਰਮਾਂ ’ਚ ਵਾਧਾ ਕਰਦਿਆਂ ਮੁਲਜ਼ਮਾਂ ਵਿਰੁਧ ਧਾਰਾ 109 (ਜੁਰਮ ਲਈ ਸ਼ਹਿ ਦੇਣ) ਦਾ ਵਾਧਾ ਕੀਤਾ ਹੈ। ਜ਼ਿਕਰਯੋਗ ਹੈ ਕਿ ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਵਲੋਂ ਪਹਿਲਾਂ ਹੀ ਜਾਂਚ ਟੀਮ ਕੋਲ ਬਿਆਨ ਕਲਮਬੰਦ ਕਰਵਾਏ ਜਾ ਚੁੱਕੇ ਹਨ। ਉਕਤ ਦੋਵਾਂ ਦੇ ਬਿਆਨਾਂ ਸਮੇਤ ਪੰਕਜ ਬਾਂਸਲ ਦੇ ਗੰਨਮੈਨ ਚਰਨਜੀਤ ਸਿੰਘ ਅਤੇ ਮੈਨੇਜਰ ਸੰਜੀਵ ਕੁਮਾਰ ਦੇ ਬਿਆਨ ਵੀ ਐਸਆਈਟੀ ਕੋਲ ਹੋ ਚੁੱਕੇ ਹਨ।
ਇਥੇ ਇਹ ਦਸਣਾ ਜ਼ਰੂਰੀ ਹੈ ਕਿ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਨੂੰ ਦੋਸ਼ੀ ਠਹਿਰਾਉਣ ਲਈ ਪੁਲਿਸ ਵਲੋਂ ਅਪਣੀ ਹੀ ਜਿਪਸੀ ਉਪਰ ਗੋਲੀਆਂ ਮਾਰ ਕੇ ਝੂਠੀ ਕਹਾਣੀ ਤਿਆਰ ਕਰਨ ਵਾਲੀ ਸਾਜ਼ਸ਼ ਦਾ ਐਸਆਈਟੀ ਵਲੋਂ ਪਰਦਾਫ਼ਾਸ਼ ਕੀਤਾ ਜਾ ਚੁੱਕਾ ਹੈ ਅਤੇ ਉਕਤ ਜਿਪਸੀ ਵਾਲੀ ਝੂਠੀ ਕਹਾਣੀ ਦੇ ਮਾਮਲੇ ’ਚ ਪਤਾ ਨਹੀਂ ਕਿੰਨੇ ਕੁ ਪੁਲਿਸ ਅਧਿਕਾਰੀ, ਕਰਮਚਾਰੀ, ਸਿਆਸਤਦਾਨ ਅਤੇ ਕਾਰੋਬਾਰੀਆਂ ਦੇ ਮੁਲਾਜ਼ਮ ਅੜਿੱਕੇ ਆਉਣਗੇ।