
ਚੀਫ਼ ਖ਼ਾਲਸਾ ਦੀਵਾਨ ਨੇ ਸਰਬ ਸੰਮਤੀ ਨਾਲ ਡਾ. ਜਸਵਿੰਦਰ ਸਿੰਘ ਢਿੱਲੋਂ ਨੂੰ ਅਹੁਦੇ ਤੋਂ ਕੀਤਾ ਬਰਖ਼ਾਸਤ
ਅੰਮਿ੍ਰਤਸਰ, 22 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਮੈਂਬਰਾਨ ਦੀ ਹੋਈ ਮੀਟਿੰਗ ਦੌਰਾਨ ਸਰਬ ਸੰਮਤੀ ਨਾਲ ਹੋਏ ਫ਼ੈਸਲੇ ਅਨੁਸਾਰ ਡਾ:ਜਸਵਿੰਦਰ ਸਿੰਘ ਢਿੱਲੋਂ ਨੂੰ ਆਨਰੇਰੀ ਸਕੱਤਰ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿਤਾ ਗਿਆ।
ਮੀਟਿੰਗ ਦੌਰਾਨ ਐਜੂਕੇਸ਼ਨਲ ਕਮੇਟੀ ਮੈਂਬਰਾਂ ਨੇ ਡਾ:ਜਸਵਿੰਦਰ ਸਿੰਘ ਢਿੱਲੋਂ ਵਲੋਂ ਚੀਫ਼ ਖ਼ਾਲਸਾ ਦੀਵਾਨ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਦੇ ਜ਼ਿੰਮੇਵਾਰ ਅਹੁਦੇ ’ਤੇ ਰਹਿੰਦਿਆਂ ਪੰਥ ਵਿਰੋਧੀ ਅਤੇ ਕਿਸਾਨਾਂ ਲਈ ਘਾਤਕ ਅਤੇ ਮਾਰੂ ਸਾਬਤ ਹੋਈ ਰਾਜਨੀਤਕ ਪਾਰਟੀ ਵਿਚ ਸ਼ਾਮਲ ਹੋਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਇਸ ਮੌਕੇ ਪ੍ਰਧਾਨ ਸ. ਨਿਰਮਲ ਸਿੰਘ, ਆਨਰੇਰੀ ਸਕੱਤਰ ਸ. ਸਵਿੰਦਰ ਸਿੰਘ ਕੱਥੂਨੰਗਲ ਅਤੇ ਸ. ਅਜੀਤ ਸਿੰਘ ਬਸਰਾ ਨੇ ਸਾਂਝੇ ਤੌਰ ’ਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਸਿੱਖਾਂ ਦੀ ਅਗਵਾਈ ਵਿਚ ਦਿੱਲੀ ਸਰੱਹਦਾਂ ਤੇ ਪਿਛਲੇ 8 ਮਹੀਨਿਆਂ ਤੋਂ ਚਲ ਰਹੇ ਅੰਦੋਲਨ ਦੌਰਾਨ ਲੱਖਾਂ ਦੀ ਗਿਣਤੀ ਵਿਚ ਕਿਸਾਨ ਵੀਰਾਂ ਵਲੋਂ ਸ਼ਾਂਤੀਪੂਰਵਕ ਜੋ ਸਰੀਰਕ ਅਤੇ ਮਾਨਸਕ ਤਸੀਹੇ ਝੱਲੇ ਜਾ ਰਹੇ ਹਨ, ਉਸ ਲਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਕਿਸਾਨੀ ਪਿਛੋਕੜ ਨਾਲ ਸਬੰਧਤ ਡਾ:ਜਸਵਿੰਦਰ ਸਿੰਘ ਢਿੱਲੋਂ ਚੀਫ਼ ਖ਼ਾਲਸਾ ਦੀਵਾਨ ਦੀ ਇਕ ਜ਼ਿੰਮੇਵਾਰ ਸੰਸਥਾ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਹੋਣ ਦੇ ਬਾਵਜੂਦ ਕਿਸਾਨ ਵਿਰੋਧੀ ਰਾਜਨੀਤਕ ਪਾਰਟੀ ਦੀ ਝੋਲੀ ਵਿਚ ਪੈ ਕੇ ਪੰਥ ਪ੍ਰਸਤ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀਆਂ ਕਿਸਾਨ ਪੱਖੀ ਲਹਿਰ ਦਾ ਵਿਰੋਧੀ ਜਾ ਬਣਿਆ ਹੈ ਜੋ ਕਿ ਸਿੱਖ ਕੌਮ ਨਾਲ ਧੋਖਾ ਹੈ ਅਤੇ ਨਮੋਸ਼ੀ ਵਾਲੀ ਗੱਲ ਹੈ। ਮੀਟਿੰਗ ਵਿਚ ਹਾਜ਼ਰ ਐਜੂਕੇਸ਼ਨਲ ਕਮੇਟੀ ਦੇ ਮੈਂਬਰ ਸ.ਹਰਜੀਤ ਸਿੰਘ ਤਰਨਤਾਰਨ, ਪ੍ਰੋ: ਹਰੀ ਸਿੰਘ, ਸ. ਅਜਾਇਬ ਸਿੰਘ ਅਭਿਆਸੀ, ਸ. ਸੰਤੋਖ ਸਿੰਘ ਸੇਠੀ, ਸ. ਜਸਪਾਲ ਸਿੰਘ ਢਿੱਲੋ, ਪ੍ਰੋ: ਸੂਬਾ ਸਿੰਘ, ਡਾ: ਸਰਬਜੀਤ ਸਿੰਘ ਛੀਨਾ ਸਮੇਤ ਸਮੂਹ ਮੈਂਬਰ ਸਾਹਿਬਾਨ ਨੇ ਸਾਂਝੇ ਤੌਰ ਤੇ ਡਾ:ਜਸਵਿੰਦਰ ਸਿੰਘ ਢਿੱਲੋਂ ਦੇ ਇਸ ਪੰਥ ਅਤੇ ਕਿਸਾਨ ਵਿਰੋਧੀ ਫ਼ੈਸਲੇ ਦੀ ਪੁਰਜ਼ੋਰ ਨਿੰਦਾ ਕਰਦਿਆਂ ਇਸ ਨੂੰ ਕੌਮ ਨਾਲ ਧੋਖਾ ਕਰਾਰ ਦਿਤਾ।
ਕੈਪਸ਼ਨ—ਏ ਐਸ ਆਰ ਬਹੋੜੂ— 22— 3— ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਮੀਟਿੰਗ ਦੌਰਾਨ ।