
ਕਿਸਾਨ ਆਗੂਆਂ ਨੇ ਲਾਇਆ ਭਾਜਪਾ ਤੇ ਮਾਈਨਿੰਗ ਮਾਫ਼ੀਆ ਦੇ ਲੋਕਾਂ ਵਲੋਂ ਹਮਲੇ ਦੀ ਕੋਸ਼ਿਸ਼ ਦਾ ਦੋਸ਼
- ਹੰਗਾਮਾ ਕਰਨ ਵਾਲਿਆਂ ਨੇ ਅਪਣੇ ਆਪ ਨੂੰ ਵਪਾਰੀ ਤੇ ਸਥਾਨਕ ਲੋਕ ਦਸ ਕੇ ਰਸਤਾ ਬੰਦ ਹੋਣ ਦੀ ਮੁਸ਼ਕਲ ਦੀ ਗੱਲ ਆਖੀ
- ਭਾਜਪਾ ਦੀ ਗੁੰਡਾਗਰਦੀ ਦਾ ਮੂੰਹ ਤੋੜ ਜਵਾਬ ਦਿਆਂਗੇ: ਪੰਧੇਰ
- ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਹਰਿਆਣਾ ਦੇ ਬਾਰਡਰਾਂ ’ਤੇ ਪਹੁੰਚਣ ਲਈ ਕਿਹਾ, ਪੰਜਾਬ ਸਰਕਾਰ ਤੋਂ ਸਥਿਤੀ ਕੰਟਰੋਲ ਕਰਨ ਦੀ ਮੰਗ ਕੀਤੀ
- ਸੜਕ ਸਰਕਾਰ ਨੇ ਰੋਕਾਂ ਲਾ ਕੇ ਬੰਦ ਕੀਤੀ ਹੈ, ਅਸੀ ਨਹੀਂ : ਡੱਲੇਵਾਲ
ਚੰਡੀਗੜ੍ਹ, ਰਾਜਪੁਰਾ, 23 ਜੂਨ (ਗੁਰਉਪਦੇਸ਼ ਭੁੱਲਰ, ਦਇਆ ਸਿੰਘ ਬਲੱਗਣ): ਲੋਕ ਸਭਾ ਚੋਣਾਂ ਤੋਂ ਪਹਿਲਾਂ 13 ਫ਼ਰਵਰੀ ਤੋਂ ਹਰਿਆਣਾ ਦੇ ਸ਼ੰਭੂ, ਖਨੌਰੀ ਅਤੇ ਡੱਬਵਾਲੀ ਬਾਰਡਰਾਂ ਉਪਰ ਸੰਯੁਕਤ ਕਿਸਾਨ ਮੋਰਚਾ (ਗ਼ੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚੇ ਵਲੋਂ ਕੀਤੇ ਜਾ ਰਹੇ ਸੰਘਰਸ਼ ਵਿਚ ਅੱਜ ਇਕ ਵਾਰ ਸਥਿਤੀ ਮੁੜ ਤਣਾਅਪੂਰਨ ਹੋ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਅਚਾਨਕ 100 ਦੇ ਕਰੀਬ ਲੋਕਾਂ ਨੇ ਸ਼ੰਭੂ ਬਾਰਡਰ ਵਿਖੇ ਚਲ ਰਹੇ ਕਿਸਾਨ ਧਰਨੇ ਉਪਰ ਧਾਵਾਂ ਬੋਲ ਦਿਤਾ ਅਤੇ ਉਹ ਅਪਣੇ ਆਪ ਨੂੰ ਵਪਾਰੀ ਤੇ ਆਸ ਪਾਸ ਦੇ ਰਹਿਣ ਵਾਲੇ ਸਥਾਨਕ ਲੋਕ ਦਸ ਕੇ ਰਸਤਾ ਖੋਲ੍ਹਣ ਦੀ ਗੱਲ ਕਰ ਰਹੇ ਸਨ। ਪਰ ਦੂਜੇ ਪਾਸੇ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦੋਸ਼ ਲਾਇਆ ਹੈ ਕਿ ਇਹ ਭਾਜਪਾ ਦੇ ਬੰਦੇ ਹਨ ਅਤੇ ਵਪਾਰੀ ਤੇ ਸਥਾਨਕ ਲੋਕਾਂ ਦੇ ਭੇਸ ਵਿਚ ਆਏ ਹਨ।
ਕਿਸਾਨ ਆਗੂਆਂ ਨੇ ਇਨ੍ਹਾਂ ਵਿਚ ਇਕ ਸਥਾਨਕ ‘ਆਪ’ ਵਿਧਾਇਕ ਦੇ ਸਮਰਥਕ ਵੀ ਸ਼ਾਮਲ ਹੋਣ ਦਾ ਦੋਸ਼ ਲਾਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਘੱਗਰ ਦਰਿਆ ਨਾਲ ਨਾਜਾਇਜ਼ ਮਾਈਨਿੰਗ ਕਰਨ ਵਾਲੇ ਕੁੱਝ ਲੋਕ ਵੀ ਹਰਿਆਣਾ ਤੋਂ ਆਏ ਭਾਜਪਾ ਦੇ ਬੰਦਿਆਂ ਨਾਲ ਰਹੇ ਹਨ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਸਥਾਨਕ ਲੋਕ ਉਨ੍ਹਾਂ ਨਾਲ ਹਨ ਅਤੇ ਮੋਰਚੇ ਵਿਚ ਲੱਗੇ ਲੰਗਰ ਦਾ ਪ੍ਰਬੰਧ ਵੀ ਉਨ੍ਹਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਕਿਸਾਨ ਆਗੂ ਬਲਦੇਵ ਸਿੰਘ ਜ਼ੀਰਾ ਅਤੇ ਸਵਿੰਦਰ ਸਿੰਘ ਚੁਤਾਲਾ ਨੇ ਦਸਿਆ ਕਿ ਅੱਜ ਦੁਪਹਿਰ ਸਮੇਂ 100 ਦੇ ਕਰੀਬ ਲੋਕ ਆਏ ਅਤੇ ਧਰਨੇ ਵਿਚ ਚਲ ਰਹੀ ਸਟੇਜ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਦੀ ਅਗਵਾਈ ਅੰਬਾਲਾ ਤੋਂ ਆਏ ਵਿਸ਼ਾਲ ਬੱਤਰਾ, ਸੋਨੂੰ ਤਪੇਨਾ, ਮਿੰਟੂ ਰਾਜਗੜ੍ਹ ਆਦਿ ਕਰ ਰਹੇ ਸਨ। ਇਸ ਸਮੇਂ ਹੰਗਾਮ ਹੋਇਆ ਤੇ ਸਥਿਤੀ ਤਣਾਅ ਵਾਲੀ ਬਣ ਗਈ ਹੈ।
ਕਿਸਾਨ ਮਜ਼ੂਦਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਹ ਹਮਲਾ ਭਾਜਪਾ ਦੇ ਬੰਦਿਆਂ ਨੇ ਸਾਜ਼ਸ਼ ਤਹਿਤ ਵਪਾਰੀਆਂ ਦੀ ਆੜ ਵਿਚ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਭਾਜਪਾ ਚਣਾਂ ਵਿਚ ਹੋਏ ਨੁਕਸਾਨ ਕਾਰਨ ਬੁਖਲਾਹਟ ਵਿਚ ਹੈ ਅਤੇ ਉਸ ਨੇ ਚੋਣ ਮੁਹਿੰਮ ਦੌਰਾਨ ਹੀ ਧਮਕੀ ਦਿਤੀ ਸੀ ਕਿ 2 ਜੂਨ ਬਾਅਦ ਦੇਖਾਂਗੇ ਅਤੇ ਹੁਣ ਇਨ੍ਹਾਂ ਲੋਕਾਂ ਨੇ ਅਪਣਾ ਕੰਮ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਵੀ ਉਸੇ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦਿੱਲੀ ਮੋਰਚੇ ਦੌਰਾਨ ਸਿੰਘੂ ਬਾਰਡਰ ਉਪਰ ਕੀਤਾ ਗਿਆ ਸੀ। ਉਨ੍ਹਾਂ ਰਸਤਾ ਖੁਲ੍ਹਵਾਉਣ ਅਤੇ ਵਪਾਰੀਆਂ ਦੀ ਪ੍ਰੇਸ਼ਾਨੀ ਬਾਰੇ ਕਿਹਾ ਕਿ ਰਸਤਾ ਅਸੀ ਨਹੀਂ ਰੋਕਿਆ ਬਲਕਿ ਸਰਕਾਰ ਨੇ ਦੀਵਾਰਾਂ ਬਣਾ ਕੇ ਰਾਹ ਰੋਕਿਆ ਹੈ। ਅਸੀ ਤਾਂ ਕਹਿੰਦੇ ਹਾਂ ਕਿ ਇਹ ਦੀਵਾਰਾਂ ਤੋੜ ਕੇ ਰਾਹ ਖੋਲ੍ਹ ਦਿਉ ਅਤੇ ਅਸੀ ਸ਼ਾਂਤੀਪੂਰਵਕ ਦਿੱਲੀ ਜਾ ਕੇ ਬੈਠ ਜਾਵਾਂਗੇ। ਉਨ੍ਹਾਂ ਕਿਹਾ ਕਿ ਅੱਜ ਹੋਏ ਹਮਲੇ ਪਿਛੇ ਭਾਜਪਾ ਦੇ ਗੁੰਡੇ ਅਤੇ ਮਾਈਨਿੰਗ ਮਾਫ਼ੀਆ ਹੈ।
ਪੰਧੇਰ ਨੇ ਪੰਜਾਬ ਸਰਕਾਰ ’ਤੇ ਵੀ ਦੋਸ਼ ਲਾਇਆ ਕਿ ਉਹ ਅੰਦੋਲਨ ਦੀ ਸੁਰੱਖਿਆ ਕਰਨ ਵਿਚ ਨਾਕਾਮ ਰਹੀ ਹੈ ਜਦਕਿ ਉਸ ਦੀਆਂ ਖ਼ੁਫ਼ੀਆ ਏਜੰਸੀਆਂ ਕੋਲ ਅਜਿਹੇ ਹਮਲਿਆਂ ਦੀ ਪੂਰੀ ਜਾਣਕਾਰੀ ਹੁੰਦੀ ਹੈ। ਉਨ੍ਹਾਂ ਪੁਛਿਆ ਕਿ ਸਰਕਾਰ ਕਿਸਾਨਾਂ ਦੀਆਂ ਲਾਸ਼ਾਂ ਡਿਗਣੀਆਂ ਦੇਖਣਾ ਚਾਹੁੰਦੀ ਹੈ? ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਪੰਜਾਬ ਦੇ ਏਰੀਏ ਵਿਚ ਉਹ ਸਥਿਤੀ ਨੂੰ ਤੁਰਤ ਕੰਟਰੋਲ ਕਰੇ ਨਹੀਂ ਤਾਂ ਹਾਲਾਤ ਖ਼ਰਾਬ ਹੋ ਸਕਦੇ ਹਨ। ਪੰਧੇਰ ਨੇ ਗੁੱਸੇ ਭਰੇ ਲਹਿਜੇ ਵਿਚ ਕਿਹਾ ਕਿ ਕਿਸਾਨ ਅਜਿਹੀ ਗੁੰਡਾਗਰਦੀ ਦਾ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਸ਼ੰਭੂ ਤੋਂ ਇਲਾਵਾ ਹਰਿਆਣਾ ਦੇ ਹੋਰ ਬਾਰਡਰਾਂ ਉਪਰ ਲੱਗੇ ਧਰਨਿਆਂ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਪਹੁੰਚਣ ਦਾ ਵੀ ਸੱਦਾ ਦਿਤਾ ਹੈ। ਉਨ੍ਹਾਂ ਅੱਜ ਸ਼ਾਂਤਮਈ ਧਰਨੇ ’ਤੇ ਹਮਲਾ ਕਰਨ ਵਾਲੇ ਲੋਕਾਂ ਉਪਰ ਐਫ਼.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਕਾਰਨ ਵੋਟਾਂ ਵਿਚ ਹੋਏ ਨੁਕਸਾਨ ਕਾਰਨ ਹੀ ਭਾਜਪਾ ਬੁਖਲਾਹਟ ਵਿਚ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਰਾਹੀਂ ਅਜਿਹੇ ਕੋਝੇ ਹੱਥਕੰਡਿਆਂ ਉਪਰ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰੁਕਾਵਟਾਂ ਖ਼ਤਮ ਕਰ ਕੇ ਸੜਕ ਖੋਲ੍ਹ ਦੇਵੇ ਤਾਂ ਅਸੀ ਉਸੇ ਵੇਲੇ ਸ਼ਾਂਤਮਈ ਤਰੀਕੇ ਨਾਲ ਜਾ ਕੇ ਦਿੱਲੀ ਬੈਠ ਜਾਵਾਂਗੇ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਮੰਗਾਂ ਦੀ ਪੂਰਤੀ ਤਕ ਹਰ ਹੀਲੇ ਜਾਰੀ ਰਹੇਗਾ ਅਤੇ ਅਸੀ ਹਰ ਸਥਿਤੀ ਦੇ ਟਾਕਰੇ ਤੇ ਕੁਰਬਾਨੀ ਲਈ ਤਿਆਰ ਹਾਂ।
ਸ਼ੰਭੂ ਬਾਰਡਰ ’ਤੇ ਪਹੁੰਚੇ ਵਪਾਰੀਆਂ ਨੇ ਹੰਗਾਮਾ ਕਰਨ ਵਾਲਿਆਂ ਤੋਂ ਅਪਣੇ ਆਪ ਨੂੰ ਅਲੱਗ ਦਸਿਆ
ਸ਼ੰਭੂ ਬਾਰਡਰ ਉਪਰ ਅੱਜ ਕੁੱਝ ਲੋਕਾਂ ਵਲੋਂ ਕਿਸਾਨ ਧਰਨੇ ਵਿਚ ਕੀਤੇ ਹੰਗਾਮੇ ਬਾਅਦ ਪੈਦਾ ਹੋਏ ਸਥਿਤੀ ਦੇ ਸਬੰਧ ਵਿਚ ਉਥੇ ਪਹੁੰਚੇ ਅੰਬਾਲਾ ਦੇ ਵਪਾਰੀ ਆਗੂ ਵਿਸ਼ਾਲ ਬਤਰਾ ਨੇ ਸਪੱਸ਼ਟ ਕੀਤਾ ਹੈ ਕਿ ਹੰਗਾਮਾ ਕਰਨ ਵਾਲੇ ਲੋਕਾਂ ਬਾਰੇ ਉਨ੍ਹਾਂ ਨੂੰ ਕੁੱਝ ਨਹੀਂ ਪਤਾ। ਉਨ੍ਹਾਂ ਦਸਿਆ ਕਿ ਰਸਤਾ ਖੁਲ੍ਹਵਾਉਣ ਲਈ ਮਸਲੇ ਦੇ ਹੱਲ ਲਈ ਕੁੱਝ ਲੋਕਾਂ ਨੇ ਸਾਨੂੂੰ ਫ਼ੋਨ ਕਰ ਕੇ ਉਥੇ ਬੁਲਾਇਆ ਸੀ ਪਰ ਉਥੇ ਅਸੀ ਪਹੁੰਚ ਕੇ ਮਾਹੌਲ ਦੇਖਿਆ ਜੋ ਠੀਕ ਨਹੀਂ ਲੱਗਿਆ। ਬਤਰਾ ਦਾ ਕਹਿਣਾ ਹੈ ਕਿ ਅਸੀ ਕਿਸੇ ਨਾਲ ਲੜਨ ਨਹੀਂ ਸੀ ਗਏ ਅਤੇ ਮਾਹੌਲ ਦੇਖ ਕੇ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ’ਤੇ ਹਮਲਾ ਕਰਨ ਦੇ ਦੋਸ਼ ਲੱਗ ਰਹੇ ਹਨ ਉਨ੍ਹਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਪਰ ਅਸੀ ਸ਼ਾਂਤਮਈ ਤਰੀਕੇ ਨਾਲ ਮਸਲਾ ਹੱਲ ਕਰਨਾ ਜ਼ਰੂਰ ਚਾਹੁੰਦੇ ਹਾਂ। ਰਾਹ ਬੰਦ ਹੋਣ ਨਾਲ ਸਾਡੀ ਪੰਜਾਬ ਤੋਂ 50 ਫ਼ੀ ਸਦੀ ਕਾਰੋਬਾਰ ਬੰਦ ਹੋ ਚੁੱਕਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸਾਨ ਧਰਨੇ ਵਿਚ ਆ ਕੇ ਗੜਬੜੀ ਕਰਨ ਵਾਲੇ ਲੋਕ ਕੌਣ ਸਨ?