
ਤਿੰਨ ਦੋਸਤਾਂ ਨੇ ਮਿਲ ਕੇ ਬਣਾਇਆ ਗਰੋਹ ,ਰਜਿੰਦਰਾ ਹਸਪਤਾਲ ਵਿੱਚ ਛੁਪਾਉਦੇ ਸੀ ਚੋਰੀ ਦੇ ਵਾਹਨ
Patiala News : ਨਸ਼ੇ ਲਈ ਪੈਸੇ ਨਾ ਹੋਣ ਕਾਰਨ ਜੇਲ੍ਹ ਤੋਂ ਬਾਹਰ ਆਏ 29 ਸਾਲਾ ਨੌਜਵਾਨ ਨੇ ਦੋ ਹੋਰ ਨੌਜਵਾਨਾਂ ਨਾਲ ਮਿਲ ਕੇ ਇੱਕ ਗਰੋਹ ਬਣਾ ਲਿਆ। 19 ਅਤੇ 21 ਸਾਲ ਦੀ ਉਮਰ ਦੇ ਇਹ ਦੋਵੇਂ ਮੁਲਜ਼ਮ ਵੀ ਨਸ਼ੇ ਦੇ ਆਦੀ ਸਨ, ਜਿਸ ਤੋਂ ਬਾਅਦ ਤਿੰਨਾਂ ਨੇ ਮਿਲ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਦੋਪਹੀਆ ਵਾਹਨ ਚੋਰੀ ਕਰਨੇ ਸ਼ੁਰੂ ਕਰ ਦਿੱਤੇ।
ਡੀਐਸਪੀ ਸਿਟੀ ਵਨ ਮਨਦੀਪ ਕੌਰ ਨੇ ਇਸ ਸਬੰਧੀ ਐਤਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ 21 ਸਾਲਾ ਲਵਪ੍ਰੀਤ ਸਿੰਘ ਉਰਫ਼ ਮੂਸਾ ਵਾਸੀ ਗਾਜੇਵਾਸ ਸਮਾਣਾ, 16 ਸਾਲਾ ਜਸਜੋਤ ਸਿੰਘ ਉਰਫ਼ ਜਸ ਵਾਸੀ ਪਿੰਡ ਝਿੰਜਰ ਮੂਲੇਪੁਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ 26 ਸਾਲਾ ਅਕਾਸ਼ਦੀਪ ਸਿੰਘ ਉਰਫ਼ ਬੰਟੀ ਪਿੰਡ ਕਕਰਾਲਾ ਪਸਿਆਣਾ ਵਜੋਂ ਹੋਈ ਹੈ। ਇਸ ਗਰੋਹ ਕੋਲੋਂ ਅੱਠ ਚੋਰੀ ਦੇ ਮੋਟਰਸਾਈਕਲ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਗਈ ਹੈ ਅਤੇ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ।
ਰਜਿੰਦਰਾ ਹਸਪਤਾਲ ਵਿੱਚ ਛੁਪਾਉਦੇ ਸੀ ਚੋਰੀ ਦੇ ਵਾਹਨ
ਡੀਐਸਪੀ ਮਨਦੀਪ ਕੌਰ ਨੇ ਦੱਸਿਆ ਕਿ ਮਾਡਲ ਟਾਊਨ ਚੌਕੀ ਇੰਚਾਰਜ ਰਣਜੀਤ ਸਿੰਘ ਦੀ ਨਿਗਰਾਨੀ ਹੇਠ ਏਐਸਆਈ ਪਵਨ ਕੁਮਾਰ ਅਤੇ ਉਨ੍ਹਾਂ ਦੀ ਟੀਮ ਨੇ ਲੀਲਾ ਭਵਨ ਇਲਾਕੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ, ਜਿੱਥੋਂ ਇਨ੍ਹਾਂ ਤਿੰਨਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ।
ਇਸ ਤੋਂ ਬਾਅਦ ਜਦੋਂ ਇਨ੍ਹਾਂ ਤਿੰਨਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਨਸ਼ੇ ਲਈ ਪੈਸੇ ਨਾ ਹੋਣ ਕਾਰਨ ਬਾਈਕ ਚੋਰੀ ਕਰ ਰਹੇ ਸਨ। ਅਕਾਸ਼ਦੀਪ ਖਿਲਾਫ ਪਹਿਲਾਂ ਵੀ ਤਿੰਨ ਕੇਸ ਦਰਜ ਹਨ ਅਤੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਉਸ ਨੇ ਬਾਕੀ ਦੋ ਨਾਲ ਮਿਲ ਕੇ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਾਈਕ ਚੋਰੀ ਕਰਨ ਤੋਂ ਬਾਅਦ ਰਜਿੰਦਰਾ ਹਸਪਤਾਲ 'ਚ ਛੁਪਾਉਦੇ ਸੀ , ਜਿਸ ਤੋਂ ਬਾਅਦ ਇਸ ਦੇ ਪਾਰਟਸ ਨੂੰ ਵੇਚਦਾ ਜਾਂਦਾ ਸੀ।