
ਗਊ ਰੱਖਿਆ ਦੇ ਨਾਂ ਉੱਤੇ ਮੁਲਕ ਵਿਚ ਹੋ ਰਹੀਆਂ ਹਿੰਸਕ ਕਾਰਵਾਈਆਂ ਉੱਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਪੰਜਾਬ ਦੇ ਪਸ਼ੂ ਪਾਲਣ ਮੰਤਰੀ ਬਲਬੀਰ...
ਐਸ.ਐਸ.ਏ.ਨਗਰ, ਗਊ ਰੱਖਿਆ ਦੇ ਨਾਂ ਉੱਤੇ ਮੁਲਕ ਵਿਚ ਹੋ ਰਹੀਆਂ ਹਿੰਸਕ ਕਾਰਵਾਈਆਂ ਉੱਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ਪੰਜਾਬ ਦੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਇਨ੍ਹਾਂ ਹਿੰਸਕ ਕਾਰਵਾਈਆਂ ਕਾਰਨ ਪੈਦਾ ਹੋਏ ਡਰ ਅਤੇ ਸਹਿਮ ਕਾਰਨ ਸੂਬੇ ਵਿਚ ਪਸ਼ੂਆਂ ਦੇ ਵਪਾਰ ਨੂੰ ਬਹੁਤ ਵੱਡੀ ਢਾਹ ਲੱਗਣ ਕਰ ਕੇ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਹਰ ਵਰ੍ਹੇ ਅਰਬਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਕੁੱਝ ਫਿਰਕਾਪ੍ਰਸਤ ਤਾਕਤਾਂ ਵਲੋਂ ਇਕ ਗਿਣੀ ਮਿੱਥੀ ਚਾਲ ਤਹਿਤ ਸ਼ੁਰੂ ਕੀਤੀ ਗਈ ਕਥਿਤ ਗਊ ਰੱਖਿਆ ਮੁਹਿੰਮ ਤੋਂ ਪਹਿਲਾਂ ਸੂਬੇ ਵਿਚ ਜਿਹੜੀ ਚੰਗੀ ਨਸਲ ਦੀ ਗਾਂ ਡੇਢ ਲੱਖ ਰੁਪਏ ਵਿਚ ਵਿਕਦੀ ਸੀ ਹੁਣ ਉਸ ਦੀ ਕੀਮਤ ਘਟ ਕੇ ਤਕਰੀਬਨ ਚਾਲੀ-ਪੰਜਾਹ ਹੀ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਗਊ ਰੱਖਿਆ ਦੇ ਨਾਂ ਉੱਤੇ ਕੀਤੇ ਜਾ ਰਹੇ ਕਤਲਾਂ ਕਾਰਨ ਨਾ ਤਾਂ ਵਪਾਰੀ ਪੰਜਾਬ ਵਿਚ ਆ ਰਹੇ ਹਨ ਅਤੇ ਨਾ ਹੀ ਇਥੋਂ ਦੇ ਵਪਾਰੀ ਪਸ਼ੂ ਖਰੀਦ ਕੇ ਬਾਹਰ ਭੇਜ ਰਹੇ ਹਨ।
ਸ਼੍ਰੀ ਸਿੱਧੂ ਨੇ ਕਿਹਾ ਕਿ ਕਥਿਤ ਗਊ ਭਗਤਾਂ ਵਲੋਂ ਪੈਦਾ ਕੀਤੇ ਗਏ ਡਰ ਅਤੇ ਸਹਿਮ ਕਰ ਕੇ ਪਸ਼ੂ ਪਾਲਣ ਦੇ ਧੰਦੇ ਅਤੇ ਵਪਾਰ ਨਾਲ ਜੁੜੇ ਹਜ਼ਾਰਾਂ ਵਿਅਕਤੀ ਪ੍ਰਭਾਵਤ ਹੋÂ ਹਨ।ਸ. ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਅੱਜ ਵੀ ਸਾਹੀਵਾਲ ਨਸਲ ਦੀਆਂ ਚੰਗੀਆਂ ਗਊਆਂ ਮੁਸਲਮਾਨਾਂ ਵਲੋਂ ਹੀ ਪਾਲੀਆਂ ਜਾ ਰਹੀਆਂ ਹਨ। ਇਥੋਂ ਤੱਕ ਕਿ ਸੂਬੇ ਦਾ ਪਸ਼ੂ ਪਾਲਣ ਮਹਿਕਮਾ ਸਾਹੀਵਾਲ ਨਸਲ ਦੇ ਸੁਧਾਰ ਲਈ ਵੀ ਬਹੁਤ ਹੱਦ ਤੱਕ ਇਹਨਾਂ ਮੁਸਲਮਾਨ ਗਊ ਪਾਲਕਾਂ ਦੇ ਸਹਿਯੋਗ ਉੱਤੇ ਹੀ ਨਿਰਭਰ ਹੈ।
ਉਹਨਾਂ ਕਥਿਤ ਗਊ ਭਗਤਾਂ ਨੂੰ ਸੱਦਾ ਦਿੱਤਾ ਕਿ ਜੇ ਉਹਨਾਂ ਨੇ ਮੁਸਲਮਾਨ ਭਾਈਚਾਰੇ ਵਲੋਂ ਗਊਆਂ ਪ੍ਰਤੀ ਪ੍ਰੇਮ ਵੇਖਣਾ ਹੋਵੇ ਤਾਂ ਉਹ ਪੰਜਾਬ ਵਿਚ ਗਿਦੜਬਾਹਾ ਨੇੜਲੇ ਪਿੰਡ ਹੁਸਨਰ ਅਤੇ ਰਾਜਸਥਾਨ ਦੀ ਸਰਹੱਦ ਨੇੜੇ ਫ਼ਾਜ਼ਿਲਕਾ ਜ਼ਿਲੇ ਦੇ ਪਿੰਡ ਹੇਰਾਂਵਾਲੀ ਵਿਚ ਜਰੂਰ ਜਾਣ। ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਵਸਦੇ ਸਾਰੇ ਫਿਰਕੇ ਸਦੀਆਂ ਤੋਂ ਗਊਆਂ ਨੂੰ ਮਾਤਾ ਬਰਾਬਰ ਸਤਿਕਾਰ ਦਿੰਦੇ ਆ ਰਹੇ ਹਨ ਅਤੇ ਇਥੇ ਗਊ ਰੱਖਿਆ ਦਾ ਕੋਈ ਮੁੱਦਾ ਹੀ ਨਹੀਂ ਹੈ,
ਪਰ ਫਿਰ ਵੀ ਇਥੋਂ ਦੇ ਲੋਕਾਂ ਨੂੰ ਕੁਝ ਸਿਰ ਫਿਰੇ ਵਿਅਕਤੀਆਂ ਵਲੋਂ ਵਿੱਢੀ ਇਸ ਫ਼ਜ਼ੂਲ ਮੁਹਿੰਮ ਦਾ ਸੇਕ ਝੱਲਣਾ ਪੈ ਰਿਹਾ ਹੈ। ਪੰਜਾਬ ਦੇ ਵਪਾਰੀਆਂ ਅਤੇ ਪਸ਼ੂ ਪਾਲਕਾਂ ਨੂੰ ਭਰੋਸਾ ਦਿੰਦਿਆਂ ਉਹਨਾਂ ਕਿਹਾ ਕਿ ਉਹ ਬਿਨਾਂ ਕਿਸੇ ਡਰ ਭੈਅ ਦੇ ਅਪਣਾ ਕਾਰੋਬਾਰ ਕਰਨ, ਸੂਬੇ ਵਿਚ ਅਜਿਹੀ ਹਿੰਸਾ ਦੀ ਕੋਈ ਘਟਨਾ ਨਹੀਂ ਵਾਪਰਨ ਦਿਤੀ ਜਾਵੇਗੀ।