
ਕੈਪਟਨ ਤੇ ਸਿੱਧੂ ਪੰਜਾਬੀਆਂ ਤੋਂ ਮੁਆਫ਼ੀ ਮੰਗਣ : ਚੀਮਾ
ਬਠਿੰਡਾ, 22 ਜੁਲਾਈ (ਸੁਖਜਿੰਦਰ ਮਾਨ) : ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਪ੍ਰਧਾਨਗੀ ਹਾਸਲ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਅਤੇ ਝੂਠੇ ਵਾਅਦੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਪੰਜਾਬੀਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਹ ਮੰਗ ਕਰਦਿਆਂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਨੇ ਸਿੱਧੂ ਦੀ ਤਰੀਫ਼ ਪੰਜਾਬ ਦੇ ਭਖਦੇ ਮੁੱਦੇ ਚੁੱਕਣ ਕਰ ਕੇ ਕੀਤੀ ਸੀ ਪ੍ਰੰਤੂ ਹੁਣ ਸਿੱਧੂ ਮੁੜ ਉਨ੍ਹਾਂ ਭ੍ਰਿਸ਼ਟ ਆਗੂਆਂ ਦੀ ਝੋਲੀ ਵੜ ਗਿਆ ਹੈ ਤੇ ਨਾਲ ਹੀ ਹਰ ਦਿਨ ਬੇਅਦਬੀ ਤੇ ਹੋਰਨਾਂ ਮੁੱਦਿਆਂ ’ਤੇ ਕੀਤਾ ਜਾਣ ਵਾਲਾ ਟਵੀਟ ਵੀ ਖ਼ਤਮ ਹੋ ਗਏ ਹਨ। ਚੀਮਾ ਬਠਿੰਡਾ ’ਚ ‘ਆਪ’ ਦੇ ਦਫ਼ਤਰ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਮੁੱਦਿਆਂ ਦੀ ਲੜਾਈ ਹੁਣ ਕੁਰਸੀ ਤਕ ਸੀਮਤ ਹੋ ਕੇ ਰਹਿ ਗਈ ਹੈ ਤੇ ਪੰਜਾਬ ਦੇ ਸਾਰੇ ਮੁੱਦੇ ਭੁੱਲ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਹ ਕੈਪਟਨ ਤੇ ਸਿੱਧੂ ਦੀ ਚਾਲ ਹੈ ਤੇ ਇਹ ਅਜਿਹੀਆਂ ਚਾਲਾਂ ਚੱਲ ਕੇ ਪੰਜਾਬ ਦੀ ਮੁੜ ਸੱਤਾ ਹਥਿਆਣਾ ਚਾਹੁੰਦੇ ਹਨ ਪ੍ਰੰਤੂ ਪੰਜਾਬੀ ਇਸ ਵਾਰ ਇੰਨ੍ਹਾਂ ਨੂੂੰ ਸਬਕ ਸਿਖਾਉਣਗੇ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਦੇ ਕਾਰਜਕਾਲ ’ਚ ਪੰਜਾਬ ਸਿਰ 90 ਹਜ਼ਾਰ ਦਾ ਹੋਰ ਕਰਜ਼ਾ ਚੜ੍ਹ ਗਿਆ ਅਤੇ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਦੀ ਦਲਦਲ ਵਿਚ ਹੋਰ ਧੱਸ ਗਏ ਹਨ। ਜੇ ਨਵਜੋਤ ਸਿੱਧੂ ਗੰਭੀਰ ਹੁੰਦੇ ਤਾਂ ਅਪਣੇ ਤਿੰਨ ਸਾਲ ਦੇ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਦੇ ਅਤੇ ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਸਾਂਭ ਕੇ ਬਾਦਲਾਂ ਵਲੋਂ ਕੀਤੇ ਗ਼ਲਤ ਬਿਜਲੀ ਸਮਝੌਤਿਆਂ ਨੂੰ ਰੱਦ ਕਰਾਉਣ ਦਾ ਯਤਨ ਕਰਦੇ ਪਰ ਉਹ ਤਾਂ ਪੰਜਾਬ ਦੇ ਹਿਤਾਂ ਨੂੰ ਬਚਾਉਣ ਦੀ ਜ਼ਿੰਮੇਵਾਰੀ ਤੋਂ ਹੀ ਦੂਰ ਭੱਜ ਗਏ।
ਬਾਦਲਾਂ ਨੂੰ ਲੰਮੇ ਹੱਥੀ ਲੈਂਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਵਿਰੁਧ ਲੰਮੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹਨ, ਜਿਨ੍ਹਾਂ ਕਾਲੇ ਖੇਤੀ ਕਾਨੂੰਨਾਂ ’ਤੇ ਸੁਖਬੀਰ ਬਾਦਲ, ਹਰਸਿਮਰਤ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਦਸਤਖ਼ਤ ਅਤੇ ਸਮਰਥਨ ਕੀਤਾ ਸੀ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਅਮਨ ਅਰੋੜਾ, ਵਿਧਾਇਕ ਰੁਪਿੰਦਰ ਕੌਰ ਰੂਬੀ, ਕਾਨੂੰਨੀ ਵਿੰਗ ਦੇ ਸਹਿ ਪ੍ਰਧਾਨ ਨਵਦੀਪ ਸਿੰਘ ਜੀਦਾ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਨੀਲ ਗਰਗ, ਯੂਥ ਵਿੰਗ ਦੇ ਪ੍ਰਧਾਨ ਅਮਰਦੀਪ ਸਿੰਘ ਰਾਜਨ, ਅੰਮ੍ਰਿਤਪਾਲ ਅਗਰਵਾਲ, ਅਨਿਲ ਠਾਕੁਰ, ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਜੰਟ ਸਿੰਘ ਸਮੇਤ ਸਾਰੇ ਸਥਾਨਕ ਆਗੂ ਮੌਜੂਦ ਸਨ।
ਇਸ ਖ਼ਬਰ ਨਾਲ ਸਬੰਧਤ ਫੋਟੋ 22 ਬੀਟੀਆਈ 02 ਵਿਚ ਹੈ।
ਫ਼ੋਟੋ: ਇਕਬਾਲ ਸਿੰਘ