
ਜਾਸੂਸੀ ਕਾਂਡ ਅਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਦੋਹਾਂ ਸਦਨਾਂ 'ਚ ਜ਼ੋਰਦਾਰ ਹੰਗਾਮਾ
ਰਾਜ ਸਭਾ ਅਤੇ ਲੋਕ ਸਭਾ ਪੂਰੇ ਦਿਨ ਲਈ ਉਠੀ
ਨਵੀਂ ਦਿੱਲੀ, 22 ਜੁਲਾਈ : ਮਾਨਸੂਨ ਸੈਸ਼ਨ ਦੇ ਅੱਜ ਤੀਜੇ ਦਿਨ ਵੀ ਪੇਗਾਸਸ ਜਾਸੂਸੀ ਵਿਵਾਦ ਨੂੰ ਲੈ ਕੇ ਹੋਏ ਜ਼ੋਰਦਾਰ ਹੰਗਾਮੇ ਕਾਰਨ ਦੋਨਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਹੋਣ ਦੇ ਬਾਅਦ ਪੂਰੇ ਦਿਨ ਲਈ ਉਠਾ ਦਿਤੀ ਗਈ | ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਕਾਂਰਗਸ ਅਤੇ ਕੁੱਝ ਹੋਰ ਵਿਰੋਧੀ ਧਿਰਾਂ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਅੱਜ ਲੋਕਸਭਾ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਹੋਣ ਦੇ ਬਾਅਦ ਪੂਰੇ ਦਿਨ ਲਈ ਉਠਾ ਦਿਤੀ ਗਈ | ਸਦਨ 'ਚ ਅੱਜ ਵੀ ਪ੍ਰਸ਼ਨਕਾਲ ਅਤੇ ਸਿਫ਼ਰਕਾਲ ਨਹੀਂ ਹੋ ਸਕੇ | ਹੰਗਾਮੇ ਦੌਰਾਨ ਹੀ ਸਰਕਾਰ ਨੇ ਦੋ ਬਿੱਲ ਪੇਸ਼ ਕੀਤੇ |
ਲੋਕ ਸਭਾ 'ਚ ਕਾਰਵਾਈ ਸ਼ੁਰੂ ਹੋਣ ਨਾਲ ਹੀ ਵਿਰੋਧੀ ਧਿਰ ਨਾਹਰੇਬਾਜ਼ੀ ਕਰਦੇ ਹੋਏ ਬੈਂਚ ਕੋਲ ਪਹੁੰਚ ਗਏ | ਕਾਂਗਰਸ ਮੈਂਬਰਾਂ ਨੇ 'ਕਾਲੇ ਕਾਨੂੰਨ ਵਾਪਸ ਲਉ' ਦੇ ਨਾਹਰੇ ਲਗਾਏ | ਉਨ੍ਹਾਂ ਨੇ ਤਖ਼ਤੀਆਂ ਹੱਥ ਵਿਚ ਫੜੀਆਂ ਹੋਈਆਂ ਸਨ | ਇਨ੍ਹਾਂ ਵਿਚੋਂ ਇਕ ਤਖ਼ਤੀ 'ਤੇ 'ਅੰਨਦਾਤਾ ਦਾ ਅਪਮਾਨ ਬੰਦ ਕਰੋ, ਤਿੰਨੇ ਖੇਤੀ ਕਾਨੂੰਨ ਰੱਦ ਕਰੋ' ਲਿਖਿਆ ਸੀ | (ਏਜੰਸੀ)