
ਸ਼੍ਰੋਮਣੀ ਕਮੇਟੀ ਦੀ ਕਦੇ ਇਕ ਦਹਾੜ ਦਿੱਲੀ ਨੂੰ ਕੰਬਣੀ ਛੇੜ ਦੇਂਦੀ ਸੀ, ਹੁਣ ਉਨ੍ਹਾਂ ਨੂੰ ਦਿੱਲੀ ਵਾਲੇ ਅੰਦਰ ਵੀ ਨਹੀਂ ਬੁਲਾਉਂਦੇ : ਗਿ: ਹਰਪ੍ਰੀਤ ਸਿੰਘ
ਸ੍ਰੀ ਕੀਰਤਪੁਰ ਸਾਹਿਬ, 22 ਜੁਲਾਈ (ਜੰਗ ਬਹਾਦਰ ਸਿੰਘ) : ਅੱਜ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੂ ਹਰਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਜਿਸ ਵਿਚ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਨੇ ਹਾਜ਼ਰੀ ਭਰੀ | ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੀ ਸਿੱਖ ਕੌਮ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਸਾਡੀ ਕੌਮ ਦੀ ਹਾਲਤ ਠੀਕ ਨਹੀਂ ਹੈ | ਸਾਡੀਆਂ ਸੰਸਥਾਵਾਂ ਬਹੁਤ ਚਰਮਰਾ ਗਈਆਂ ਹਨ | ਉਨ੍ਹਾਂ ਕਿਹਾ ਕਿ ਸਾਡੀ ਹਾਲਤ ਅਜਿਹੀ ਉਦੋਂ ਹੁੰਦੀ ਹੈ ਜਦੋਂ ਅਸੀਂ ਅਪਣੇ ਗੁਰੂ ਤੋਂ ਦੂਰ ਹੋ ਜਾਂਦੇ ਹਾਂ ਜਾਂ ਅਪਣੇ ਗੁਰੂ ਤੇ ਭਰੋਸਾ ਨਹੀਂ ਕਰਦੇ | ਜਿੰਨਾ ਚਿਰ ਸਿੱਖ ਦਾ ਵਿਸ਼ਵਾਸ਼ ਗੁਰੂ ਤੇ ਰਹਿੰਦਾ ਹੈ ਓਨਾ ਚਿਰ ਗੁਰੂ ਤੋਂ ਤੇਜ ਪ੍ਰਤਾਪ ਸਿੱਖ ਨੂੰ ਮਿਲਦਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਐਸਾ ਰਾਜ ਨਹੀਂ ਚਾਹੀਦਾ, ਸਾਨੂੰ ਐਸੀ ਐਸ਼ੋ ਇਸ਼ਰਤ ਦੇ ਸਮਾਨ ਅਤੇ ਸਾਧਨ ਨਹੀਂ ਚਾਹੀਦੇ ਜਦੋਂ ਸਾਡੇ ਗੁਰੂ ਨੂੰ ਅਪਮਾਨਤ ਕੀਤਾ ਜਾਵੇ |
ਚਾਰ ਪੰਜ ਦਿਨ ਪਹਿਲਾਂ ਹੋਈ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਪਤਾ ਲਗਦਾ ਹੈ ਕਿ ਸਾਡੀਆਂ ਸੰਸਥਾਵਾਂ ਕਿੰਨੀਆਂ ਕਮਜ਼ੋਰ ਹੋ ਚੁਕੀਆਂ ਹਨ | ਉਨ੍ਹਾਂ ਕਿਹਾ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿੱਲੀ ਦੀ ਸ਼੍ਰੋਮਣੀ ਕਮੇਟੀ ਦੇ ਦੋ ਸਾਬਕਾ ਪ੍ਰਧਾਨਾਂ ਨਾਲ ਜਦੋਂ ਦਿੱਲੀ ਦੇ ਮੁੱਖ ਮੰਤਰੀ ਕੋਲ ਮੈਮੋਰੰਡਮ ਲੈ ਕੇ ਜਾਂਦੇ ਹਨ ਉਹ ਉਨ੍ਹਾਂ ਨੂੰ ਮਿਲਣ ਲਈ ਬਾਹਰ ਵੀ ਨਹੀਂ ਆਉਂਦਾ | ਉਨ੍ਹਾਂ ਕਿਹਾ ਕਿ ਇਹ ਉਹ ਸ਼੍ਰੋਮਣੀ ਕਮੇਟੀ ਹੈ ਜਿਸ ਦੀ ਦਹਾੜ ਨਾਲ ਦਿੱਲੀ ਦਾ ਤਖ਼ਤ ਹਿਲਦਾ ਸੀ | ਅੱਜ ਇੰਨੀ ਕਮਜ਼ੋਰ ਕਰ ਦਿਤੀ ਗਈ ਹੈ ਕਿ ਦਿੱਲੀ ਦਾ ਇਕ ਲਾਲਾ ਮੁੱਖ ਮੰਤਰੀ ਜ਼ਰੂਰਤ ਨਹੀਂ ਸਮਝਦਾ ਕਿ ਉਸ ਦਾ ਇਕ ਅਫ਼ਸਰ ਵੀ ਜਾ ਕੇ ਸਿੱਖਾਂ ਦੀ ਸਿਰਮੌਰ ਜਥੇਬੰਦੀ ਦੇ ਪ੍ਰਧਾਨ ਤੋਂ ਮੈਮੋਰੰਡਮ ਲੈ ਸਕੇ | ਉਨ੍ਹਾਂ ਕਿਹਾ ਕਿ ਇਹ ਸਾਡੀ ਕਮਜ਼ੋਰੀ ਨਹੀਂ ਤੇ ਹੋਰ ਕੀ ਹੈ? ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਕਿ ਸਾਨੂੰ ਕਿਸੇ ਦੀਆਂ ਲੇਲ੍ਹੜੀਆਂ ਕੱਢਣ ਦੀ ਜ਼ਰੂਰਤ ਨਹੀਂ ਹੈ | ਉਨ੍ਹਾਂ ਕਿਹਾ ਕਿ ਅਸੀਂ ਤਾਂ ਉਸ ਵਕਤ ਨਹੀਂ ਲੇਲੜੀਆਂ ਕੱਢੀਆਂ ਜਦੋਂ ਸਾਡੇ ਬੰਦ ਬੰਦ ਕੱਟੇ ਜਾ ਰਹੇ ਸਨ ,ਜਦੋਂ ਸਾਡੇ ਸਿਰਾਂ ਤੋਂ ਖੋਪੜੀਆਂ ਲਾਹੀਆਂ ਜਾ ਰਹੀਆਂ ਸਨ | ਅਸੀਂ ਤਾਂ ਉਸ ਵਕਤ ਲੇਲੜੀਆਂ ਨਾ ਕੱਢੀਆਂ ਜਦੋਂ ਲਾਹੌਰ ਦੇ ਬੰਦੀਖਾਨਿਆਂ ਦੇ ਵਿਚ ਸਾਡੀਆਂ ਔਰਤਾਂ ਦੇ ਸਾਹਮਣੇ ਉਨ੍ਹਾਂ ਦੇ ਕਲੇਜੇ ਦੇ ਟੁਕੜੇ ਉਨ੍ਹਾਂ ਦੇ ਬੱਚੇ ਸ਼ਹੀਦ ਕੀਤੇ ਜਾ ਰਹੇ ਸਨ ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦ ਅਤੇ ਬੰਦੀ ਸਿੰਘ ਸਾਡੀ ਕੌਮ ਦੇ ਜਰਨੈਲ ਹਨ | ਉਹ ਜੇਲਾਂ ਦੇ ਵਿਚ ਬੈਠੇ ਹਨ ਉਨ੍ਹਾਂ ਕਿਹਾ ਕਿ ਇਹ ਸਾਡਾ ਇਤਿਹਾਸ ਲਿਖਿਆ ਜਾ ਰਿਹਾ ਹੈ | ਸੌ ਦੋ ਸੌ ਸਾਲ ਬਾਅਦ ਹਕੂਮਤ ਦੇ ਮੂੰਹ ਦੇ ਉੱਤੇ ਥੁੱਕੇਗਾ ਕਿ ਕਿਵੇਂ ਸਾਡੇ ਬੰਦੀ ਸਿੰਘ ਜੇਲਾਂ ਵਿਚ ਸਜ਼ਾਵਾਂ ਪੂਰੀਆਂ ਕਰ ਕੇ ਅਤੇ ਉਮਰਾਂ ਗਵਾ ਕੇ ਵੀ ਜੇਲਾਂ ਵਿਚ ਬੈਠੇ ਰਹੇ ਪਰ ਹਕੂਮਤਾਂ ਨੇ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਇਹ ਸਾਡਾ ਇਤਿਹਾਸ ਬਣ ਰਿਹਾ ਹੈ |
ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਪੂਰੇ ਵਿਸ਼ਵ ਅੰਦਰ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨਾਂ ਅਤੇ ਸੰਸਥਾਵਾਂ ਨੂੰ ਇਸ ਮੰਚ ਤੋਂ ਇਕ ਅਪੀਲ ਕੀਤੀ ਕਿ ਕਿ ਅਪਣੇ ਅਪਣੇ ਗੁਰਦੁਆਰਾ ਸਾਹਿਬ ਦੇ ਦਰਵਾਜ਼ਿਆਂ ਦੇ ਅੱਗੇ ਇਨ੍ਹਾਂ ਬੰਦੀ ਸਿੰਘ ਦੀਆਂ ਤਸਵੀਰਾਂ ਲਗਾਉ ਅਤੇ ਅਤੇ ਇਕੱਲੇ ਇਕੱਲੇ ਬੰਦੀ ਸਿੰਘ ਬਾਰੇ ਲਿਖੋ ਕਿ ਕਿੰਨਾ ਸਮਾਂ ਇਨ੍ਹਾਂ ਨੂੰ ਜੇਲਾਂ ਵਿਚ ਬੈਠਿਆਂ ਨੂੰ ਹੋ ਗਿਆ ਹੈ ਅਤੇ ਕਿਹੜੀਆਂ ਸਰਕਾਰਾਂ ਜੋ ਇਨ੍ਹਾਂ ਨੂੰ ਰਿਹਾਅ ਨਹੀਂ ਹੋਣ ਦਿੰਦੀਆਂ ਉਨ੍ਹਾਂ ਕਿਹਾ ਕਿ ਹਿੰਦੀ , ਅੰਗਰੇਜੀ ,ਪੰਜਾਬੀ 'ਚ ਭਾਵੇਂ ਕਿਸੇ ਵੀ ਭਾਸ਼ਾ ਵਿਚ ਲਿਖੋ ਤਾਂ ਜੋ ਦੇਸ਼ ਵਿਦੇਸ਼ ਤੋਂ ਜਿਹੜੀਆਂ ਸੰਗਤਾਂ ਸਾਡੇ ਗੁਰੂ ਘਰਾਂ ਵਿਚ ਮੱਥਾ ਟੇਕਣ ਆਉਂਦੀਆਂ ਹਨ ਉਨ੍ਹਾਂ ਨੂੰ ਇਨ੍ਹਾਂ ਦੇ ਬਾਰੇ ਪਤਾ ਲੱਗ ਸਕੇ | ਉਨ੍ਹਾਂ ਕਿਹਾ ਕਿ ਸਾਡੇ ਸ਼ਹੀਦੀ ਜੋੜ ਮੇਲਿਆਂ ਵਿਚ ਵੀ ਲੱਖਾਂ ਦੇ ਇੱਕਠ ਹੁੰਦੇ ਹਨ, ਉਨ੍ਹਾਂ ਸਿੱਖ ਸੰਸਥਾਵਾਂ ਨੂੰ ਕਿਹਾ ਕਿ ਇਨ੍ਹਾਂ ਇਕੱਠਾ ਵਿਚ ਸਕੂਲਾਂ ਦੇ ਬੱਚਿਆਂ ਦੇ ਹੱਥਾਂ ਦੇ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਤਖਤੀਆਂ ਫੜਾ ਕੇ ਖੜਾ ਕਰੋ ਤਾਂ ਜੋ ਪੂਰਾ ਵਿਸ਼ਵ ਅਤੇ ਇੰਟਰਨੈਸ਼ਨਲ ਮੀਡੀਆ ਵੇਖੇ ਕਿ ਸਿੱਖਾਂ ਨਾਲ ਕੀ ਹੋ ਰਿਹਾ ਹੈ |
ਉਨ੍ਹਾਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਕਿ ਕਿਸੇ ਦੇ ਦਰ ਤੇ ਜਾ ਕੇ ਮੈਮੋਰੰਡਮ ਦੇਣ ਦੀ ਜ਼ਰੂਰਤ ਨਹੀਂ ਖਾਸ ਕਰ ਕੇ ਦਿੱਲੀ ਦੇ ਮੁੱਖ ਮੰਤਰੀ ਦੇ ਦਰਵਾਜ਼ੇ ਉੱਤੇ ਜਾ ਕੇ ਮੈਮੋਰੰਡਮ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ |