
8 ਲੋਕਾਂ ਦਾ ਕੱਟਿਆ ਚਲਾਨ
ਚੰਡੀਗੜ੍ਹ: ਚੰਡੀਗੜ੍ਹ 'ਚ ਬਿਨਾਂ ਹੈਲਮੇਟ ਦੇ ਦੋ ਪਹੀਆ ਵਾਹਨ ਸਵਾਰਾਂ ਅਤੇ ਵਾਹਨਾਂ ਦੀਆਂ ਛੱਤਾਂ ਅਤੇ ਖਿੜਕੀਆਂ 'ਤੇ ਬੈਠ ਕੇ ਜਸ਼ਨ ਮਨਾਉਣ ਦੀ ਵਾਇਰਲ ਹੋਈ ਵੀਡੀਓ ਦੇ ਪਿੱਛੇ ਦੀ ਕਹਾਣੀ ਤੁਹਾਨੂੰ ਸ਼ਰਮਸਾਰ ਕਰ ਦੇਵੇਗੀ। 20 ਜੁਲਾਈ ਨੂੰ ਟ੍ਰੈਫਿਕ ਪੁਲਿਸ ਕੋਲ ਪਹੁੰਚੀ ਇਹ ਵੀਡੀਓ ਵਾਇਰਲ ਹੋਈ ਸੀ ਅਤੇ ਇਹ ਵੀਡੀਓ 17 ਜੁਲਾਈ ਦੀ ਹੈ। ਟ੍ਰੈਫਿਕ ਪੁਲਿਸ ਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਡਰਾਈਵਰਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਵੀਡੀਓ ਬੁੜੈਲ ਜੇਲ 'ਚ ਨਾਬਾਲਗ ਨਾਲ ਬਲਾਤਕਾਰ ਅਤੇ ਚੋਰੀ ਦੇ ਮਾਮਲੇ 'ਚ ਸਜ਼ਾ ਕੱਟ ਕੇ ਪੈਰੋਲ 'ਤੇ ਬਾਹਰ ਆਏ ਦੋਸ਼ੀ ਦੇ ਸਵਾਗਤ ਦੀ ਹੈ।
ਇਹ ਵੀ ਪੜ੍ਹੋ: ਲੁਧਿਆਣਾ ਜ਼ਿਲ੍ਹੇ ਤੋਂ ਵਿਧਾਇਕ ਗੋਗੀ ਨੇ ਸਪੀਕਰ ਨੂੰ ਭੇਜੀ IAS ਅਧਿਕਾਰੀ ਦੀ ਸ਼ਿਕਾਇਤ; ਜਾਣੋ ਕਿਉਂ
ਇਸ ਤੋਂ ਬਾਅਦ ਕਾਰਵਾਈ ਕਰਦੇ ਹੋਏ ਟ੍ਰੈਫਿਕ ਪੁਲਿਸ ਨੇ ਅੱਠ ਵਾਹਨ ਚਾਲਕਾਂ ਦੇ ਚਲਾਨ ਕੀਤੇ ਹਨ। ਸੂਤਰ ਦੱਸਦੇ ਹਨ ਕਿ ਨਿਯਮਾਂ ਦੀ ਉਲੰਘਣਾ ਕਰਕੇ ਪੈਰੋਲ ’ਤੇ ਆਏ ਕੈਦੀ ਖ਼ਿਲਾਫ਼ ਟਰਾਈਸਿਟੀ ਵਿਚ ਕਈ ਕੇਸ ਦਰਜ ਹਨ ਅਤੇ ਉਸ ਦੇ ਸਵਾਗਤ ਲਈ ਸੜਕਾਂ ’ਤੇ ਇਹ ਹੰਗਾਮਾ ਕੀਤਾ ਜਾ ਰਿਹਾ ਸੀ। ਇਹ ਵੀਡੀਓ 17 ਜੁਲਾਈ ਨੂੰ ਬਣਾਈ ਗਈ ਸੀ ਜਦੋਂ ਦੋਸ਼ੀ ਪੈਰੋਲ 'ਤੇ ਬੁੜੈਲ ਜੇਲ ਤੋਂ ਬਾਹਰ ਆ ਕੇ ਧਨਾਸ ਸਥਿਤ ਆਪਣੇ ਘਰ ਜਾ ਰਿਹਾ ਸੀ।
ਇਹ ਵੀ ਪੜ੍ਹੋ: ਨਵ-ਵਿਆਹੁਤਾ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ
ਵੀਡੀਓ 'ਤੇ ਕਾਰਵਾਈ ਕਰਦੇ ਹੋਏ ਟ੍ਰੈਫਿਕ ਪੁਲਿਸ ਨੇ ਸੱਤ ਵੱਖ-ਵੱਖ ਉਲੰਘਣਾਵਾਂ ਦੇ ਚਲਾਨ ਕੱਟ ਕੇ ਅੱਠ ਵਾਹਨਾਂ ਦੇ ਡਰਾਈਵਿੰਗ ਲਾਇਸੈਂਸ ਜ਼ਬਤ ਕੀਤੇ ਹਨ। ਬਿਨਾਂ ਹੈਲਮੇਟ ਤੋਂ ਡਰਾਈਵਿੰਗ ਕਰਨ ਵਾਲਿਆਂ ਦੇ ਲਾਇਸੈਂਸ ਤਿੰਨ ਮਹੀਨਿਆਂ ਲਈ ਰੱਦ ਕਰਨ ਲਈ ਟਰੈਫਿਕ ਪੁਲਿਸ ਵਲੋਂ ਸਬੰਧਤ ਅਥਾਰਟੀ ਨੂੰ ਭੇਜੇ ਜਾ ਰਹੇ ਹਨ। ਇਸ ਦੇ ਨਾਲ ਹੀ ਚਲਾਨ ਅਤੇ ਬਾਕੀ ਲਾਇਸੈਂਸ ਅਦਾਲਤ ਨੂੰ ਭੇਜ ਦਿਤੇ ਗਏ ਹਨ।
ਵਾਇਰਲ ਹੋ ਰਹੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀ ਇਹ ਵੀਡੀਓ ਸੈਕਟਰ-51 ਤੋਂ ਸੈਕਟਰ-51, 52 ਨੂੰ ਆਉਣ ਵਾਲੀ ਸੜਕ ਦੀ ਹੈ। ਪੁਲਿਸ ਕੋਲ ਪਹੁੰਚੀ ਵੀਡੀਓ ਵਿੱਚ ਕਾਰ ਅਤੇ ਦੋ ਪਹੀਆ ਵਾਹਨ ਦੇ ਡਰਾਈਵਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਟਰੈਫਿਕ ਪੁਲਿਸ ਨੇ ਸ਼ਹਿਰ ਭਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਜਾਂਚ ਦੌਰਾਨ ਟ੍ਰੈਫਿਕ ਪੁਲਿਸ ਨੇ ਪਾਇਆ ਕਿ ਸੈਕਟਰ-51 ਤੋਂ ਸੈਕਟਰ-25/38 ਦੇ ਲਾਈਟ ਪੁਆਇੰਟ ਵਿਚਕਾਰ ਸਟੰਟ ਕਰਦੇ ਹੋਏ ਅੱਠ ਡਰਾਈਵਰਾਂ ਵਲੋਂ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਵਾਹਨ ਨੰਬਰ ਦੇ ਆਧਾਰ 'ਤੇ ਦੋਸ਼ੀ ਡਰਾਈਵਰਾਂ ਅਤੇ ਵਾਹਨ ਮਾਲਕਾਂ ਨਾਲ ਸੰਪਰਕ ਕੀਤਾ ਅਤੇ ਸ਼ੁੱਕਰਵਾਰ ਨੂੰ ਸੈਕਟਰ-29 ਸਥਿਤ ਟ੍ਰੈਫਿਕ ਪੁਲਸ ਲਾਈਨ 'ਚ ਬੁਲਾਇਆ।
ਵਾਹਨਾਂ ਅਤੇ ਡਰਾਈਵਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ, ਪੁਲਿਸ ਨੇ ਸ਼ਨੀਵਾਰ ਨੂੰ ਵਾਇਰਲ ਵੀਡੀਓ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅੱਠ ਵਾਹਨਾਂ ਦੇ ਚਲਾਨ ਕੀਤੇ। ਟਰੈਫਿਕ ਪੁਲੀਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਸੱਤ ਚਲਾਨ ਕੀਤੇ ਹਨ। ਇਸ ਦੇ ਨਾਲ ਹੀ ਟਰੈਫਿਕ ਪੁਲੀਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਵਾਹਨ ਚਾਲਕਾਂ ਦੇ ਲਾਇਸੈਂਸ ਅਗਲੇਰੀ ਕਾਰਵਾਈ ਲਈ ਸੈਕਟਰ-29 ਸਥਿਤ ਚਲਾਨ ਸ਼ਾਖਾ ਨੂੰ ਭੇਜ ਦਿੱਤੇ ਹਨ।