
ਅਗਵਾਕਾਂਡ ਦੇ ਸਾਰੇ ਮਾਮਲੇ ਪਿੱਛੇ ਪੈਸਿਆਂ ਦਾ ਆਪਸੀ ਲੈਣ-ਦੇਣ ਹੋ ਸਕਦਾ ਹੈ
ਫਗਵਾੜਾ - ਬੀਤੇ ਦਿਨ ਘਰ ’ਚ ਵੜ ਕੇ ਨਿਹੰਗ ਸਿੰਘਾਂ ਦੇ ਭੇਸ ’ਚ ਆਏ ਮੁਲਜ਼ਮਾਂ ਨੂੰ ਪੁਲਿਸ ਨੇ ਬਟਾਲਾ ਤੋਂ ਕਾਬੂ ਕਰ ਲਿਆ ਹੈ। ਅਗਵਾ ਕੀਤੇ ਪਤੀ-ਪਤਨੀ ਨੂੰ ਵੀ ਸੁਰੱਖਿਅਤ ਛੁਡਵਾ ਲਿਆ ਹੈ। ਇਸ ਮਾਮਲੇ 'ਚ ਫਗਵਾੜਾ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੇ ਅਗਵਾ ਕੀਤੇ ਗਏ ਸੋਨੂੰ ਅਤੇ ਜੋਤੀ ਨੂੰ ਮੁਲਜ਼ਮਾਂ ਦੇ ਚੁੰਗਲ ਵਿਚੋਂ ਛੁਡਵਾ ਕੇ ਵਾਪਸ ਫਗਵਾੜਾ ਲਿਆਂਦਾ ਹੈ। ਪਤਾ ਲੱਗਾ ਹੈ ਕਿ ਉਕਤ ਅਗਵਾਕਾਂਡ ਦੇ ਸਾਰੇ ਮਾਮਲੇ ਪਿੱਛੇ ਪੈਸਿਆਂ ਦਾ ਆਪਸੀ ਲੈਣ-ਦੇਣ ਹੋ ਸਕਦਾ ਹੈ।
ਦਸਿਆ ਜਾ ਰਿਹਾ ਹੈ ਇਸ ਦਾ ਸੋਨੂ ਨਾਲ ਪੈਸਿਆਂ ਨੂੰ ਲੈ ਕੇ ਆਪਸੀ ਵਿਵਾਦ ਚਲ ਰਿਹਾ ਹੈ। ਹਾਲਾਂਕਿ ਪੀੜਤ ਸੋਨੂੰ ਪੈਸਿਆਂ ਦੇ ਕਥਿਤ ਲੈਣ-ਦੇਣ ਬਾਰੇ ਕਹੀਆਂ ਜਾ ਰਹੀਆਂ ਸਾਰੀਆਂ ਗੱਲਾਂ ਤੋਂ ਸਾਫ਼ ਇਨਕਾਰ ਕਰ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰ ਰਾਘਵ ਜੈਨ ਨੇ ਦਸਿਆ ਕਿ ਕੁੱਝ ਦਿਨ ਪਹਿਲਾਂ ਪੀੜਤਾਂ ਦੇ ਘਰ ਚੋਰੀ ਹੋਈ ਸੀ। ਚੋਰੀ ਦਾ ਇਲਜ਼ਾਮ ਇਕ ਰਿਸ਼ਤੇਦਾਰ ’ਤੇ ਲਗਾਇਆ ਗਿਆ ਸੀ। ਇਸ ਸਬੰਧੀ ਪੀੜਤ ਪ੍ਰਵਾਰ ਨੇ ਸਮਝੋਤੇ ਲਈ ਰਿਸ਼ਤੇਦਾਰ ਨੂੰ ਬੁਲਾਇਆ ਸੀ। ਉਹ ਦਰਜਨ ਦੇ ਕਰੀਬ ਵਿਅਕਤੀਆਂ ਨੂੰ ਨਿਹੰਗ ਸਿੰਘਾਂ ਦੇ ਪਹਿਰਾਵੇ ’ਚ ਲੈ ਕੇ ਆਉਂਦੇ ਹਨ ਤੇ ਆਉਂਦੇ ਹੀ ਪਤੀ-ਪਤਨੀ ਨਾਲ ਕੁੱਟਮਾਰ ਕਰਦੇ ਹਨ ਤੇ ਘਰ ਦਾ ਸਾਰਾ ਸਮਾਨ ਤੋੜ-ਫੋੜ ਕਰ ਕੇ ਉਨ੍ਹਾਂ ਨੂੰ ਅਗਵਾ ਕਰ ਕੇ ਅਪਣੇ ਨਾਲ ਲੈ ਜਾਂਦੇ ਹਨ। ਦੇਰ ਰਾਤ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਪਤੀ-ਪਤਨੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਤੇ 5 ਮੁਲਜ਼ਮਾਂ ਨੂੰ ਵੀ ਕਾਬੂ ਕਰ ਲਿਆ।
ਦਸਿਆ ਜਾ ਰਿਹਾ ਹੈ ਕਿ ਫਗਵਾੜਾ ਦੇ ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਜਲਦੀ ਹੀ ਉਕਤ ਮਾਮਲੇ ਸਬੰਧੀ ਪ੍ਰੈਸ ਕਾਨਫ਼ਰੰਸ ਕਰ ਕੇ ਪੂਰੇ ਮਾਮਲੇ ਦੀ ਜਾਣਕਾਰੀ ਦੇਣਗੇ।