ਪੰਜਾਬ ਦੇ ਨਾਲ-ਨਾਲ ਇਸ ਦਾ ਅਸਰ ਸੱਤ ਸੂਬਿਆਂ ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਝਾਰਖੰਡ ਅਤੇ ਪਛਮੀ ਬੰਗਾਲ ’ਚ ਪਵੇਗਾ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਚਾਲੂ ਵਿੱਤੀ ਸਾਲ ਦਾ ਪੂਰਾ ਬਜਟ ਪੇਸ਼ ਕਰਨ ਦੌਰਾਨ ਪੰਜਾਬ ਲਈ ਉਮੀਦ ਮੁਤਾਬਕ ਕੋਈ ਵੱਡਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਬਜਟ ’ਚ ਅੰਮ੍ਰਿਤਸਰ-ਕੋਲਕਾਤਾ ਇੰਡਸਟਰੀਅਲ ਕੋਰੀਡੋਰ ਦਾ ਜ਼ਿਕਰ ਕੀਤਾ ਗਿਆ ਹੈ। ਇਸ ਨਾਲ ਇਕ ਵਾਰ ਫਿਰ ਇਸ ਪ੍ਰਾਜੈਕਟ ’ਤੇ ਕੰਮ ਤੇਜ਼ ਹੋਣ ਦੀ ਉਮੀਦ ਵਧ ਗਈ ਹੈ। ਬਿਹਾਰ ’ਚ ਗਯਾ ਨੂੰ ਇਸ ਪ੍ਰਾਜੈਕਟ ਦਾ ਮੁੱਖ ਦਫ਼ਤਰ ਐਲਾਨ ਕੀਤਾ ਗਿਆ ਹੈ। ਇਹ ਲਾਂਘਾ ਪੰਜਾਬ ਸਮੇਤ ਕਈ ਸੂਬਿਆਂ ’ਚ ਉਦਯੋਗਿਕ ਵਿਕਾਸ ਨੂੰ ਤੇਜ਼ ਕਰੇਗਾ ਅਤੇ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਕਰੇਗਾ।
ਉਦਯੋਗਿਕ ਕੇਂਦਰਾਂ ’ਚ ਸੋਲਰ, ਪਲਾਂਟ, ਲੌਜਿਸਟਿਕਸ ਹੱਬ ਅਤੇ ਕੌਮਾਂਤਰੀ ਕਨਵੈਨਸ਼ਨ ਸੈਂਟਰ ਸਥਾਪਤ ਕਰਨ ਦੀ ਯੋਜਨਾ ਹੈ। ਉਸਾਰੀ ਲਈ ਜ਼ਮੀਨ ਸੂਬਾ ਸਰਕਾਰਾਂ ਵਲੋਂ ਦਿਤੀ ਜਾਵੇਗੀ ਅਤੇ ਪ੍ਰਣਾਲੀਗਤ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਕੇਂਦਰ ਸਰਕਾਰ ਵਲੋਂ ਪ੍ਰਦਾਨ ਕੀਤੀਆਂ ਜਾਣਗੀਆਂ।
ਜਿਨ੍ਹਾਂ ਸੂਬਿਆਂ ਤੋਂ ਇਹ ਲਾਂਘਾ ਲੰਘੇਗਾ, ਉਨ੍ਹਾਂ ਨੂੰ ਇਸ ਦਾ ਲਾਭ ਮਿਲੇਗਾ। ਇਸ ਪ੍ਰਾਜੈਕਟ ਲਈ 1839 ਕਿਲੋਮੀਟਰ ਦਾ ਟਰੈਕ ਬਣਾਇਆ ਜਾਵੇਗਾ। ਇਹ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਅੰਬਾਲਾ, ਸਹਾਰਨਪੁਰ, ਦਿੱਲੀ, ਰੁੜਕੀ, ਹਰਿਦੁਆਰ, ਦੇਹਰਾਦੂਨ, ਮੇਰਠ, ਮੁਜ਼ੱਫਰਨਗਰ, ਬਰੇਲੀ, ਅਲੀਗੜ੍ਹ, ਕਾਨਪੁਰ, ਲਖਨਊ, ਪ੍ਰਯਾਗਰਾਜ, ਵਾਰਾਣਸੀ, ਗਯਾ, ਬੋਕਾਰੋ, ਹਜ਼ਾਰੀਬਾਗ, ਧਨਬਾਦ, ਆਸਨਸੋਲ, ਦੁਰਗਾਪੁਰ ਅਤੇ ਬਰਦਵਾਨ ਸਮੇਤ 20 ਪ੍ਰਮੁੱਖ ਜ਼ਿਲ੍ਹਿਆਂ ਨੂੰ ਕਵਰ ਕਰੇਗਾ। ਇਨ੍ਹਾਂ ਜ਼ਿਲ੍ਹਿਆਂ ਦੇ ਲੋਕਾਂ ਨੂੰ ਰੁਜ਼ਗਾਰ ਲਈ ਬਾਹਰ ਨਹੀਂ ਜਾਣਾ ਪਵੇਗਾ। ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ’ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਲਾਂਘੇ ’ਚ ਆਉਣ ਵਾਲੇ ਸਾਰੇ ਜ਼ਿਲ੍ਹਿਆਂ ਨੂੰ ਉਦਯੋਗ ਕੇਂਦਰ ਮੰਨਿਆ ਜਾਂਦਾ ਹੈ।
ਇਸ ਪ੍ਰਾਜੈਕਟ ’ਤੇ ਲੰਮੇ ਸਮੇਂ ਤੋਂ ਕੰਮ ਚੱਲ ਰਿਹਾ ਹੈ, ਪਰ ਮੁੱਖ ਤੌਰ ’ਤੇ ਸਾਲ 2014 ’ਚ, ਲਾਂਘੇ ’ਤੇ ਕੰਮ ਸ਼ੁਰੂ ਹੋਇਆ। ਸੂਬੇ ਵਲੋਂ ਪ੍ਰਾਜੈਕਟ ਲਈ ਪ੍ਰਸਤਾਵ ਤਿਆਰ ਕੀਤੇ ਗਏ ਸਨ, ਜਿਸ ਕਾਰਨ ਪ੍ਰਾਜੈਕਟ ’ਚ ਦੇਰੀ ਹੋਈ ਹੈ।
ਇਹ ਲਾਂਘਾ ਪੰਜਾਬ ’ਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਇਸ ਨਾਲ ਖਾਸ ਤੌਰ ’ਤੇ ਨਿਰਮਾਣ, ਐਗਰੋ-ਪ੍ਰੋਸੈਸਿੰਗ, ਸੇਵਾਵਾਂ ਅਤੇ ਨਿਰਯਾਤ ਇਕਾਈਆਂ ’ਚ ਨਿਵੇਸ਼ ਨੂੰ ਉਤਸ਼ਾਹਤ ਕਰਨ ’ਚ ਮਦਦ ਮਿਲੇਗੀ। ਉੱਚ ਮਿਆਰ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਇਕ ਸਮਰੱਥ ਕਾਰੋਬਾਰੀ ਵਾਤਾਵਰਣ ’ਚ ਮਦਦ ਕਰਨਗੇ। ਲਾਂਘੇ ਦੇ ਦੋਵੇਂ ਪਾਸੇ 150-200 ਕਿਲੋਮੀਟਰ ਦੇ ਬੈਂਡ ਵਿਕਸਤ ਕਰਨ ਦਾ ਪ੍ਰਸਤਾਵ ਹੈ।
ਪੰਜਾਬ ਦੇ ਨਾਲ-ਨਾਲ ਇਸ ਦਾ ਅਸਰ ਸੱਤ ਸੂਬਿਆਂ ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਝਾਰਖੰਡ ਅਤੇ ਪਛਮੀ ਬੰਗਾਲ ’ਚ ਪਵੇਗਾ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦਾ ਬੱਦੀ-ਬਰੋਟੀਵਾਲਾ-ਨਾਲਾਗੜ੍ਹ (ਬੀ.ਬੀ.ਐਨ.) ਖੇਤਰ ਲਾਂਘੇ ਤੋਂ ਲਗਭਗ 70 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਤਰ੍ਹਾਂ ਇਸ ਖੇਤਰ ਨੂੰ ਵੀ ਲਾਂਘੇ ਦਾ ਲਾਭ ਮਿਲੇਗਾ।