
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅੱਜ ਨਾਮਵਰ ਪੱਤਰਕਾਰ ਤੇ ਉੱਘੇ ਲੇਖਕ ਕੁਲਦੀਪ ਨਈਅਰ ਦੇ ਸਤਿਕਾਰ ਵਿਚ ਇਕ ਮਿੰਟ ਦਾ ਮੌਨ ਧਾਰਿਆ ...
ਚੰਡੀਗੜ੍ਹ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਅੱਜ ਨਾਮਵਰ ਪੱਤਰਕਾਰ ਤੇ ਉੱਘੇ ਲੇਖਕ ਕੁਲਦੀਪ ਨਈਅਰ ਦੇ ਸਤਿਕਾਰ ਵਿਚ ਇਕ ਮਿੰਟ ਦਾ ਮੌਨ ਧਾਰਿਆ ਜਿਨ੍ਹਾਂ ਦਾ ਦਿੱਲੀ ਵਿਖੇ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ। ਮੰਤਰੀ ਮੰਡਲ ਨੇ ਸ੍ਰੀ ਕੁਲਦੀਪ ਨਈਅਰ ਨੂੰ ਇਕ ਬਹੁ-ਪੱਖੀ ਸ਼ਖਸੀਅਤ ਕਰਾਰ ਦਿਤਾ ਜਿਨ੍ਹਾਂ ਨੇ ਇਕ ਕੂਟਨੀਤਿਕ ਅਤੇ ਸੰਸਦ ਮੈਂਬਰ ਦੇ ਤੌਰ 'ਤੇ ਅਹਿਮ ਜ਼ਿੰਮੇਵਾਰੀਆਂ ਨਿਭਾਈਆਂ। ਮੰਤਰੀ ਮੰਡਲ ਨੇ ਕਿਹਾ ਕਿ ਇਕ ਵਧੀਆ ਇਨਸਾਨ ਹੋਣ ਤੋਂ ਇਲਾਵਾ ਉਹ ਇਕ ਵਿਦਵਾਨ ਲੇਖਕ ਸਨ ਜਿਨ੍ਹਾਂ ਨੇ ਮੋਹਰੀ ਅਖ਼ਬਾਰਾਂ ਤੇ ਰਸਾਲਿਆਂ ਵਿਚ ਆਪਣੇ ਕਾਲਮਾਂ ਰਾਹੀਂ ਸਿਆਸਤ ਤੇ ਚਲੰਤ ਮਾਮਲਿਆਂ 'ਤੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੇ ਨਾਲ-ਨਾਲ ਭਾਰਤੀ ਅਤੇ ਕੌਮਾਂਤਰੀ ਮੁੱਦਿਆਂ 'ਤੇ ਵੱਖ-ਵੱਖ ਲੇਖਾਂ ਨੂੰ ਕਲਮਬੱਧ ਕੀਤਾ।
ਪੰਜਾਬ ਦਾ ਸਪੂਤ ਹੋਣ ਦੇ ਨਾਤੇ ਉਨ੍ਹਾਂ ਵੱਲੋਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਚੇਤੇ ਕਰਦਿਆਂ ਮੰਤਰੀ ਮੰਡਲ ਨੇ ਕਿਹਾ ਕਿ ਸ੍ਰੀ ਨਈਅਰ ਵੱਲੋਂ ਭਾਰਤ-ਪਾਕਿ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਅਤੇ ਦੋਵਾਂ ਮੁਲਕਾਂ ਦੇ ਲੋਕਾਂ ਦਰਮਿਆਨ ਆਪਸੀ ਮੋਹ-ਪਿਆਰ, ਅਮਨ-ਸ਼ਾਂਤੀ, ਏਕਤਾ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਕੀਤੇ ਗਏ ਨਿੱਗਰ ਉਪਰਾਲਿਆਂ ਨੂੰ ਹਮੇਸ਼ਾ ਚੇਤੇ ਰੱਖਿਆ ਜਾਵੇਗਾ। ਮੰਤਰੀ ਮੰਡਲ ਨੇ ਦੁਖੀ ਪਰਿਵਾਰ ਦੇ ਮੈਂਬਰਾਂ ਅਤੇ ਸਾਕ-ਸਬੰਧੀਆਂ ਨਾਲ ਦਿਲੀ ਹਮਦਰਦੀ ਜ਼ਾਹਰ ਕੀਤੀ ਹੈ।