
ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਵਸਤਾਂ ਮੁਹੱਈਆ ਕਰਵਾਉਣ ਸਮੇਤ ਹਰ ਤਰ੍ਹਾਂ ਦੀ ਮਿਲਾਵਟ ਖੋਰੀ............
ਨਾਭਾ : ਪੰਜਾਬ ਸਰਕਾਰ ਵੱਲੋਂ ਅਰੰਭੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਵਸਤਾਂ ਮੁਹੱਈਆ ਕਰਵਾਉਣ ਸਮੇਤ ਹਰ ਤਰ੍ਹਾਂ ਦੀ ਮਿਲਾਵਟ ਖੋਰੀ ਦੇ ਖਾਤਮੇ ਲਈ ਜ਼ਿਲ੍ਹਾ ਪਟਿਆਲਾ 'ਚ ਗਠਤ ਕੀਤੀ ਗਈ ਵਿਸ਼ੇਸ਼ ਟਾਸਕ ਫੋਰਸ ਵਲੋਂ ਨੋਡਲ ਅਫ਼ਸਰ ਏ.ਡੀ.ਸੀ. (ਜ) ਸ੍ਰੀ ਪਰੇ ਦੀ ਨਿਗਰਾਨੀ ਹੇਠ ਬੀਤੀ ਰਾਤ ਕਰੀਬ 9 ਵਜੇ ਤੋਂ ਸਵੇਰੇ 4 ਵਜੇ ਤਕ ਛਾਪੇਮਾਰੀ ਕੀਤੀ ਗਈ। ਕਾਰਵਾਈ ਸਬੰਧੀ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਇਹ ਟੀਮ ਪਹਿਲਾਂ ਪਿੰਡ ਸੰਗਤ ਪੁਰਾ ਭੌਂਕੀ ਗਈ,
ਜਿਥੇ ਬਸਾਤੀ ਮਿਲਕ ਕੁਲੈਕਸ਼ਨ ਸੈਂਟਰ ਵਿਖੇ 80 ਕਿਲੋ ਪਨੀਰ, 8 ਕੁਇੰਟਲ ਦੁੱਧ ਅਤੇ ਸ੍ਰੀ ਧਾਮ ਸਪਰੇਅ ਡ੍ਰਾਇਡ ਸਕਿਮਡ ਮਿਲਕ ਪਾਊਡਰ ਦੇ 18 ਖਾਲੀ ਬੈਗ ਅਤੇ ਲੋਟਸ ਮਿਲਕ ਸਪਰੇ ਡ੍ਰਾਇਡ ਸਕਿਮਡ ਮਿਲਕ ਪਾਊਡਰ ਦੇ ਦੋ ਬੈਗ ਮਿਲੇ। ਇਥੇ ਟੀਮ ਨੇ ਪਨੀਰ, ਦੁੱਧ ਅਤੇ ਸਕਿਮਡ ਮਿਲਕ ਪਾਊਡਰ ਦੇ ਨਮੂਨੇ ਅਗਲੇਰੀ ਜਾਂਚ ਲਈ ਭਰੇ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਦੇਰ ਰਾਤ ਪਿੰਡ ਖੋਖ ਵਿਖੇ ਦੀਪ ਮਿਲਕ ਡੇਅਰੀ 'ਚੋਂ 12 ਕੁਇੰਟਲ ਪਨੀਰ, 8 ਕੁਇੰਟਲ ਦੁੱਧ ਅਤੇ 130 ਕਿਲੋ ਕਰੀਮ ਸਮੇਤ ਇੱਕ ਡੱਬਾ ਕਾਸਟਿਕ ਸੋਡਾ ਬਰਾਮਦ ਹੋਇਆ।
ਇਥੇ ਵੀ 3 ਨਮੂਨੇ ਭਰੇ ਗਏ ਅਤੇ ਬਦਬੂਦਾਰ ਦੁੱਧ ਨੂੰ ਮੌਕੇ 'ਤੇ ਹੀ ਨਸ਼ਟ ਕਰਵਾ ਦਿਤਾ ਗਿਆ ਜਦੋਂਕਿ 12 ਕੁਇੰਟਲ ਪਨੀਰ ਅਤੇ ਕਰੀਮ ਨੂੰ ਜਬਤ ਕਰ ਲਿਆ ਗਿਆ। ਇਸ ਕਾਰਵਾਈ ਦੌਰਾਨ ਸਿਵਲ ਸਰਜਨ ਦੀ ਤਰਫ਼ੋਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਕ੍ਰਿਸ਼ਨ ਸਿੰਘ, ਫੂਡ ਸੇਫਟੀ ਅਫ਼ਸਰ ਸ੍ਰੀਮਤੀ ਪੁਨੀਤ ਸ਼ਰਮਾ, ਡੇਅਰੀ ਵਿਕਾਸ ਵਿਭਾਗ ਵੱਲੋਂ ਡਾ. ਅਸ਼ੋਕ ਰੌਣੀ ਸਮੇਤ ਪੁਲਿਸ ਦੀ ਟੀਮ ਅਤੇ ਪ੍ਰੋਗਰੈਸਿਵ ਡੇਅਰੀ ਫ਼ਾਰਮਰਜ ਐਸੋਸੀਏਸ਼ਨ ਦੇ ਨੁਮਾਇੰਦੇ ਸ਼ਾਮਲ ਸਨ।