
‘ਆਪ’ ਸੰਸਦ ਮੈਂਬਰ ਨੇ ਜੀਐੱਸਟੀ ਘੁਟਾਲੇ ਵਿਚ ਮੁੱਖ ਮੰਤਰੀ ‘ਤੇ ਉਠਾਈ ਉਂਗਲ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਰ ਅਤੇ ਆਬਕਾਰੀ ਵਿਭਾਗ ‘ਚ 100 ਕਰੋੜ ਤੋਂ ਵੱਧ ਦੇ ਜੀਐੱਸਟੀ (ਟੈੱਕਸ) ਚੋਰੀ ਘੁਟਾਲੇ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਖਜ਼ਾਨਾ ਸਿਰਫ ਲੋਕਾਂ ਲਈ ਖਾਲੀ ਹੈ, ਭ੍ਰਿਸ਼ਟਾਚਾਰੀਆਂ, ਦਲਾਲਾਂ ਅਤੇ ਬਹੁਭਾਂਤੀ ਮਾਫੀਏ ਦੇ ਲੁੱਟਣ ਲਈ ਸਰਕਾਰੀ ਸੋਮੇ-ਸਰੋਤ ਨੱਕੋਂ-ਨੱਕ ਭਰੇ ਹੋਏ ਹਨ।
Capt Amarinder Singh
ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀ ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦਲਾਲਾਂ, ਭ੍ਰਿਸ਼ਟਾਚਾਰੀਆਂ ਅਤੇ ਮਾਫ਼ੀਆਂ ਦੀ ਪਰਛਾਈ ‘ਚ ਰਹਿਣ ਵਾਲਾ ਪੂਰੀ ਤਰਾ ਫੇਲ ਮੁੱਖ ਮੰਤਰੀ ਕਰਾਰ ਦਿੱਤਾ। ਭਗਵੰਤ ਮਾਨ ਨੇ ਕਿਹਾ, ‘‘ਕਰ ਅਤੇ ਆਬਕਾਰੀ ਮਹਿਕਮੇ ਦਾ ਇਹ ਭ੍ਰਿਸ਼ਟਾਚਾਰੀਆਂ ਗਿਰੋਹ ਰਾਤੋਂ-ਰਾਤ ਪੈਦਾ ਨਹੀ ਹੋਇਆ, ਬਲਕਿ ਬਾਦਲਾਂ ਦੇ ਰਾਜ ਵੇਲੇ ਤੋਂ ਚਲਦਾ ਆ ਰਿਹਾ ਹੈ।
Bhagwant Mann
ਇਸ ਪੂਰੇ ਗਿਰੋਹ ਦੀ ਨਿਰਪੱਖ ਜਾਂਚ ਹਾਈਕੋਰਟ ਦੇ ਜੱਜਾਂ ਦੀ ਨਿਗਰਾਨੀ ਥੱਲੇ ਹੋਵੇ ਤਾਂ ਇਸ ਭ੍ਰਿਸ਼ਟਾਚਾਰੀਆਂ ਗਿਰੋਹ ਦੀਆਂ ਜੜਾਂ ਤੁਹਾਡੀ 2002-2007 ਸਰਕਾਰ ਤੋਂ ਵੀ ਡੂੰਘੀਆਂ ਉਤਰ ਜਾਣਗੀਆਂ। ਜਨਾਬ! ਤੁਸੀ ਕਿੱਥੇ ਸੁੱਤੇ ਪਏ ਰਹੇ ਸਾਢੇ ਤਿੰਨ ਸਾਲ ਕਿ ਤੁਹਾਨੂੰ ਆਪਣੇ ਹੀ ਮਹਿਕਮੇ ਦੇ ਚੱਲ ਰਹੇ ਅਰਬਾਂ ਰੁਪਏ ਦੇ ਗੋਰਖਧੰਦੇ ਬਾਰੇ ਪਤਾ ਨਹੀਂ ਲੱਗ ਸਕਿਆ। ਰਾਜਾ ਸਾਹਿਬ! ਐਨੇ ਲੰਬੇ ਸਮੇਂ ਤੋਂ ਸੰਗਠਨਾਤਮਕ (ਆਰਗੇਨਾਇਜਡ) ਤਰੀਕੇ ਨਾਲ ਹੋ ਰਹੀ ਚੋਰ-ਬਜਾਰੀ ਬਾਰੇ ਤੁਹਾਨੂੰ ਪੱਕਾ ਜਾਣਕਾਰੀ ਹੋਵੇਗੀ, ਪਰ ਤੁਸੀਂ ਉਸੇ ਤਰਾਂ ਅੱਖਾਂ ਮੁੰਦੀ ਰੱਖੀਆਂ ਜਿਵੇ ਰੇਤ ਮਾਫੀਆਂ, ਸ਼ਰਾਬ ਮਾਫੀਆਂ ਆਦਿ ਬਾਰੇ ਮੁੰਦ ਰੱਖੀਆਂ ਹਨ।’’
GST
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਸਲਾਨਾ ਅਰਬਾਂ ਰੁਪਏ ਦੀ ਟੈਕਸ ਚੋਰੀ ਬਾਰੇ ਸੰਬੰਧਿਤ ਮੰਤਰੀ (ਜੋ ਖੁਦ ਮੁੱਖ ਮੰਤਰੀ ਹਨ) ਨੂੰ ਪਤਾ ਨਾ ਹੋਵੇ, ਉਹ ਵੀ ਜਦ ਮਹਿਕਮੇ ਦੇ ਦਰਜਨਾਂ ਅਧਿਕਾਰੀ-ਕਰਮਚਾਰੀ ਸਿੱਧੇ ਤੌਰ ‘ਤੇ ਇਸ ਚੋਰ ਬਜ਼ਾਰੀ ‘ਚ ਸ਼ਾਮਲ ਹੋਣ।
ਭਗਵੰਤ ਮਾਨ ਨੇ ਕਿਹਾ ਕਿ ਇਹ ਘੁਟਾਲਾ ‘ਹਿੱਸਾਪੱਤੀ’ ਦੀ ਲੜਾਈ ਕਾਰਨ ਜੱਗ-ਜਾਹਿਰ ਹੋਇਆ ਹੈ। ਜੇਕਰ ਹਾਈਕੋਰਟ ਖੁਦ ਜਾਂਚ ਕਰਾਉਂਦੀ ਹੈ ਤਾਂ ਹੇਠਾਂ ਤੋ ਲੈ ਕੇ ਉੱਪਰ ਤੱਕ ਦੇ ਸਾਰੇ ਰਾਜ ਖੁੱਲ੍ਹ ਜਾਣਗੇ। ਇਸ ਦੇ ਨਾਲ ਹੀ ਮਾਨ ਨੇ ਨੈਤਿਕ ਅਧਾਰ ‘ਤੇ ਮੁੱਖ ਮੰਤਰੀ ਦਾ ਅਸਤੀਫ਼ਾ ਮੰਗਿਆ।