
300 ਏਕੜ ਰਕਬੇ 'ਚ ਭਰਿਆ ਮੀਂਹ ਦਾ ਪਾਣੀ, ਪ੍ਰਸ਼ਾਸਨ ਨੇ ਵੀ ਪੀੜਤ ਕਿਸਾਨਾਂ ਦੀ ਨਹੀਂ ਲਈ ਸਾਰ
ਫਾਜ਼ਿਲਕਾ : ਕਿਸਾਨਾਂ 'ਤੇ ਇਸ ਵਾਰ ਵੀ ਕੁਦਰਤ ਦੀ ਮਾਰ ਪੈਂਦੀ ਦਿਸ ਰਹੀ ਹੈ। ਕਿਤੇ ਸੋਕਾ ਤੇ ਕਿਤੇ ਡੋਬਾ ਵਰਗੀ ਬਣੀ ਸਥਿਤੀ ਦਰਮਿਆਨ ਸਾਵਣ ਮਹੀਨਾ ਭਾਵੇਂ ਕਈ ਥਾਈ ਸੁੱਕਾ ਨਿਕਲ ਗਿਆ ਹੈ, ਪਰ ਹੁਣ ਭਾਦੋਂ ਮਹੀਨੇ ਵਿਚ, ਜਦੋਂ ਝੋਨੇ ਦੀ ਫ਼ਸਲ ਨਸਾਰੇ 'ਤੇ ਪਹੁੰਚ ਚੁੱਕੀ ਹੈ, ਮੀਂਹ ਨੇ ਅਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿਤੇ ਹਨ। ਇਸ ਕੁਦਰਤੀ ਕਰੋਪੀ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਿਸਾਨਾਂ ਨੂੰ ਸਹਿਣਾ ਪੈ ਰਿਹਾ ਹੈ।
Heavy Rains
ਇਸੇ ਦਰਮਿਆਨ ਫਾਜ਼ਿਲਕਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਬਹਾਦਰ ਖੇੜਾ ਦੇ ਕਿਸਾਨਾਂ ਦੀ ਤਕਰੀਬਨ 300 ਏਕੜ ਰਕਬਾ ਮੀਂਹ ਦੀ ਭੇਂਟ ਚੜ੍ਹ ਗਿਆ ਹੈ। ਇੱਥੇ ਕਿਸਾਨਾਂ ਦੀਆਂ ਫ਼ਸਲਾਂ ਦੀ ਬਰਬਾਦੀ ਲਈ ਕੁਦਰਤੀ ਆਫ਼ਤ ਦੇ ਨਾਲ-ਨਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਵੀ ਜ਼ਿੰਮੇਵਾਰ ਹੈ। ਪੀੜਤ ਕਿਸਾਨਾਂ ਮੁਤਾਬਕ ਬੀਤੇ ਦਿਨ ਪਏ ਭਾਰੀ ਮੀਂਹ ਕਾਰਨ ਉਨ੍ਹਾਂ ਦੇ ਖੇਤਾਂ 'ਚ ਪਾਣੀ ਭਰ ਗਿਆ ਸੀ।
Heavy rains
ਇਸੇ ਦੌਰਾਨ ਉੱਚੇ ਖੇਤਰਾਂ ਦਾ ਪਾਣੀ ਵੀ ਪ੍ਰਭਾਵਿਤ ਇਲਾਕੇ ਅੰਦਰ ਇਕੱਠਾ ਹੋ ਗਿਆ। ਭਾਵੇਂ ਕਿਸਾਨਾਂ ਵਲੋਂ ਅਪਣੇ ਪੱਧਰ 'ਤੇ ਪਾਣੀ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਵੀ ਮੱਦਦ ਨਹੀਂ ਕੀਤੀ ਜਾ ਰਹੀ। ਪਿੰਡ ਬਹਾਦਰ ਖੇੜਾ ਦੇ ਕਿਸਾਨਾਂ ਮੁਤਾਬਕ ਉਨ੍ਹਾਂ ਨੇ 300 ਏਕੜ ਦੇ ਕਰੀਬ ਰਕਬੇ 'ਚ ਝੋਨੇ ਅਤੇ ਨਰਮੇ ਦੀ ਬਿਜਾਈ ਕੀਤੀ ਹੋਈ ਸੀ। ਇਸ 'ਚ 200 ਏਕੜ 'ਚ ਝੋਨਾ ਜਦਕਿ ਬਾਕੀ 100 ਏਕੜ 'ਚ ਨਰਮੇ ਦੀ ਫ਼ਸਲ ਖੜ੍ਹੀ ਸੀ।
Heavy Rains
ਕਿਸਾਨਾਂ ਮੁਤਾਬਕ ਹੁਣ ਜਦੋਂ ਉਨ੍ਹਾਂ ਦੀ ਝੋਨੇ ਦੀ ਫ਼ਸਲ ਤਕਰੀਬਨ ਨਸਾਰੇ ਲਾਗੇ ਪਹੁੰਚ ਚੁੱਕੀ ਸੀ ਤਾਂ ਬੀਤੇ ਦਿਨ ਪਏ ਭਾਰੀ ਮੀਂਹ ਕਾਰਨ ਇਲਾਕੇ ਅੰਦਰ ਪਾਣੀ ਭਰ ਗਿਆ ਹੈ। ਉਪਰਲੇ ਉੱਚੇ ਇਲਾਕਿਆਂ ਦਾ ਪਾਣੀ ਵੀ ਇੱਥੇ ਇਕੱਠਾ ਹੋਣ ਕਾਰਨ ਸਥਿਤੀ ਹੜ੍ਹਾਂ ਵਰਗੀ ਬਣ ਗਈ ਹੈ। ਇਸ ਕਾਰਨ ਉਨ੍ਹਾਂ ਦੀਆਂ ਝੋਨਾ, ਨਰਮਾ ਅਤੇ ਹਰੇ ਚਾਰੇ ਸਮੇਤ ਸਾਰੀਆਂ ਫ਼ਸਲਾਂ ਪਾਣੀ ਦੀ ਮਾਰ ਹੇਠ ਆ ਗਈਆਂ ਹਨ।
Heavy Rains
ਪੀੜਤ ਕਿਸਾਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਹਲਕਾ ਵਿਧਾਇਕ ਤੋਂ ਮੌਕਾ ਵੇਖ ਕੇ ਬਰਬਾਦ ਹੋਈਆਂ ਫ਼ਸਲਾਂ ਦਾ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਪ੍ਰਭਾਵਿਤ ਇਲਾਕੇ ਅੰਦਰੋਂ ਪਾਣੀ ਦੀ ਨਿਕਾਸੀ ਦੇ ਵਿਸ਼ੇਸ਼ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਭਵਿੱਖ ਵਿਚ ਫ਼ਸਲਾਂ ਦੇ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ। ਕਾਬਲੇਗੌਰ ਹੈ ਕਿ ਬੀਤੇ ਦੋ-ਤਿੰਨ ਸਾਲਾਂ ਤੋਂ ਕਿਸਾਨਾਂ ਨੂੰ ਕੁਦਰਤੀ ਕਰੋਪੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਏ ਸਾਲ ਕਿਸਾਨ ਦਿਨ-ਰਾਤ ਦੀ ਮਿਹਨਤ ਬਾਅਦ ਫ਼ਸਲਾਂ ਨੂੰ ਪਾਲਦੇ ਹਨ, ਪਰ ਐਨ ਨਸਾਰੇ ਲਾਗੇ ਆ ਕੇ ਭਾਰੀ ਮੀਂਹ ਤੇ ਗੜ੍ਹੇਮਾਰੀ ਕਾਰਨ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ। ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ ਵੀ ਅਜਿਹੇ ਹੀ ਹਾਲਾਤ ਬਣਦੇ ਵਿਖਾਈ ਦੇ ਰਹੇ ਹਨ, ਜਿਸ ਨੂੰ ਵੇਖਦਿਆਂ ਕਿਸਾਨਾਂ ਅੰਦਰ ਚਿੰਤਾ ਪਾਈ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।