
ਸਿਰਫ ਗਾਂਧੀ ਪਰਿਵਾਰ ਹੀ ਪਾਰਟੀ ਦੀ ਗੁਆਚੀ ਸ਼ਾਨ ਬਹਾਲ ਕਰ ਸਕਦਾ ਅਤੇ ਦੇਸ਼ ਦੀ ਅੰਦਰੂਨੀ ਤੇ ਬਾਹਰੀ ਖਤਰਿਆਂ ਤੋਂ ਰੱਖਿਆ ਕਰ ਸਕਦਾ-ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਾਂਧੀ ਪਰਿਵਾਰ ਦੀ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲੇ ਪਾਰਟੀ ਦੇ ਹੀ ਕੁਝ ਆਗੂਆਂ ਵੱਲੋਂ ਚਲਾਈ ਮੁਹਿੰਮ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਵੇਲਾ ਅਜਿਹੇ ਮਾਮਲੇ ਚੁੱਕਣ ਦਾ ਨਹੀਂ ਸਗੋਂ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇ ਸਖਤ ਵਿਰੋਧ ਕਰਨ ਦਾ ਹੈ ਜਿਨ੍ਹਾਂ ਨੇ ਦੇਸ਼ ਦੇ ਸੰਵਿਧਾਨ ਦੀ ਆਤਮਾ ਅਤੇ ਲੋਕਤੰਤਰਿਕ ਸਿਧਾਂਤਾਂ ਦਾ ਘਾਣ ਕੀਤਾ ਹੈ।
Captain Amarinder Singh
ਐਤਵਾਰ ਨੂੰ ਜਾਰੀ ਆਪਣੇ ਬਿਆਨ ਵਿੱਚ ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਐਨ.ਡੀ.ਏ. ਦੀ ਸਫਲਤਾ ਪਿੱਛੇ ਮੁੱਖ ਕਾਰਨ ਮਜ਼ਬੂਤ ਅਤੇ ਇਕਜੁੱਟ ਵਿਰੋਧੀ ਧਿਰ ਦੀ ਕਮੀ ਹੈ ਅਤੇ ਕਾਂਗਰਸ ਦੇ ਇਹਨਾਂ ਆਗੂਆਂ ਵੱਲੋਂ ਇਸ ਨਾਜ਼ੁਕ ਮੋੜ 'ਤੇ ਪਾਰਟੀ ਵਿੱਚ ਬਦਲਾਅ ਦੀ ਮੰਗ ਪਾਰਟੀ ਅਤੇ ਦੇਸ਼ ਦੇ ਹਿੱਤਾਂ ਲਈ ਨੁਕਸਾਨਦਾਇਕ ਹੋਵੇਗੀ। ਉਹਨਾਂ ਕਿਹਾ ਕਿ ਭਾਰਤ ਇਸ ਵੇਲੇ ਸਿਰਫ ਸਰਹੱਦ ਦੇ ਸਾਰੇ ਪਾਸਿਆਂ ਤੋਂ ਬਾਹਰੀ ਖਤਰਿਆਂ ਦਾ ਹੀ ਸਾਹਮਣਾ ਨਹੀਂ ਕਰ ਰਿਹਾ ਸਗੋਂ ਇਸ ਦੇ ਸੰਘੀ ਢਾਂਚੇ ਨੂੰ ਵੀ ਅੰਦਰੂਨੀ ਖਤਰਾ ਬਣਿਆ ਹੋਇਆ ਹੈ।
Congress
ਉਹਨਾਂ ਕਿਹਾ ਕਿ ਸਿਰਫ ਇਕਜੁੱਟ ਕਾਂਗਰਸ ਹੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਬਚਾ ਸਕਦੀ ਹੈ। ਲੀਡਰਸ਼ਿਪ ਬਦਲਣ ਦੀ ਮੰਗ ਨੂੰ ਅਸਵਿਕਾਰਯੋਗ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਾਂਧੀ ਪਰਿਵਾਰ ਦਾ ਦੇਸ਼ ਦੀ ਤਰੱਕੀ ਵਿੱਚ ਬਰਤਾਨਵੀ ਰਾਜ ਦੌਰਾਨ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਹੁਣ ਤੱਕ ਅਥਾਹ ਯੋਗਦਾਨ ਹੈ। ਉਹਨਾਂ ਕਿਹਾ ਕਿ ਕਾਂਗਰਸ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ ਜੋ ਸਿਰਫ ਥੋੜੇਂ ਜਿਹੇ ਲੋਕਾਂ ਲਈ ਹੀ ਨਹੀਂ ਬਲਕਿ ਸਾਰੀ ਪਾਰਟੀ ਅਤੇ ਇਸ ਦੇ ਹੇਠਾਂ ਤੋਂ ਲੈ ਕੇ ਉਪਰ ਤੱਕ ਸਾਰੇ ਕਾਡਰ ਨੂੰ ਦੇਸ਼ ਦੇ ਵਡੇਰੇ ਹਿੱਤਾਂ ਵਿੱਚ ਸਵਿਕਾਰ ਹੋਵੇ। ਉਹਨਾਂ ਕਿਹਾ ਕਿ ਇਸ ਭੂਮਿਕਾ ਵਿੱਚ ਗਾਂਧੀ ਹੀ ਖਰੇ ਉਤਰਦੇ ਹਨ।
Capt Amarinder Singh
ਉਹਨਾਂ ਕਿਹਾ ਕਿ ਸੋਨੀਆ ਗਾਂਧੀ ਜਦੋਂ ਤੱਕ ਚਾਹੁਣ ਉਦੋਂ ਤੱਕ ਕਾਂਗਰਸ ਦੀ ਅਗਵਾਈ ਕਰਨ ਅਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਕਮਾਨ ਸੰਭਾਲਣ ਅਤੇ ਉਹ ਪਾਰਟੀ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਸਮਰੱਥ ਹਨ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਇਕ ਵੀ ਅਜਿਹਾ ਪਿੰਡ ਨਹੀਂ ਜਿੱਥੇ ਸੰਵਿਧਾਨ ਸਿਧਾਂਤਾਂ, ਅਧਿਕਾਰਾਂ ਤੇ ਆਜ਼ਾਦੀ ਨੂੰ ਕਾਇਮ ਰੱਖਣ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਾਲਾ ਕਾਂਗਰਸੀ ਮੈਂਬਰ ਨਾ ਹੋਵੇ।
Congress
ਇਸ ਦਾ ਸਿਹਰਾ ਗਾਂਧੀ ਪਰਿਵਾਰ ਨੂੰ ਜਾਂਦਾ ਹੈ ਜਿਨ੍ਹਾਂ ਦੀ ਨਿਰਸਵਾਰਥ ਪ੍ਰਤੀਬੱਧਤਾ, ਸਮਰਪਣ ਭਾਵਨਾ ਤੇ ਕਲਪਨਾ ਤੋਂ ਪਰੇ ਕੁਰਬਾਨੀਆਂ ਤੋਂ ਬਿਨਾਂ ਪਾਰਟੀ ਭਾਜਪਾ ਅਤੇ ਇਸ ਦੀਆਂ ਦੇਸ਼ ਨੂੰ ਜਾਤ ਅਤੇ ਧਰਮ ਦੇ ਨਾਂ ਉਤੇ ਵੰਡਣ ਦੀਆਂ ਸੰਘੀ ਲਾਲਸਾਵਾਂ ਅੱਗੇ ਚੱਟਾਨ ਵਾਂਗ ਖੜ੍ਹ ਨਹੀਂ ਸਕਦੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਜਦੋਂ ਭਾਰਤ ਦੀ ਸੰਵਿਧਾਨਕ ਸ਼ਕਤੀ ਦੇ ਸਭ ਤੋਂ ਵੱਡੇ ਆਧਾਰ ਨੂੰ ਖਤਰਾ ਬਣਿਆ ਹੋਇਆ ਹੈ, ਇਸ ਲਈ ਜ਼ਰੂਰੀ ਹੈ ਕਿ ਹਰੇਕ ਕਾਂਗਰਸੀ ਵਰਕਰ ਗਾਂਧੀ ਪਰਿਵਾਰ ਪਿੱਛੇ ਪੂਰੀ ਦ੍ਰਿੜਤਾ ਤੇ ਏਕੇ ਨਾਲ ਖੜ੍ਹਾ ਹੋਵੇ ਜਿਨ੍ਹਾਂ ਨੇ ਪਾਰਟੀ ਨੂੰ ਇਹਨਾਂ ਸਾਰੇ ਦਹਾਕਿਆਂ ਵਿੱਚ ਇਕੱਠਾ ਰੱਖਿਆ ਹੈ ਅਤੇ ਅੱਗੇ ਵੀ ਇਕੱਠਾ ਰੱਖਣਗੇ।
Rahul Gandhi
ਉਹਨਾਂ ਕਿਹਾ ਕਿ ਕਾਂਗਰਸ ਵਿੱਚ ਮੌਜੂਦਾ ਸਮੇਂ ਅਜਿਹਾ ਕੋਈ ਆਗੂ ਨਹੀਂ ਹੈ ਜੋ ਪਾਰਟੀ ਨੂੰ ਇਸ ਤਰ੍ਹਾਂ ਦੀ ਮਜ਼ਬੂਤ ਲੀਡਰਸ਼ਿਪ ਦੇ ਸਕੇ। ਉਹਨਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਹਿੱਤਾਂ ਦੀ ਬਜਾਏ ਪਾਰਟੀ ਅਤੇ ਦੇਸ਼ਾਂ ਦੇ ਹਿੱਤਾਂ ਨੂੰ ਪਹਿਲ ਦੇਣ। ਮੁੱਖ ਮੰਤਰੀ ਨੇ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਗਾਂਧੀ ਹੀ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਸਰਵ ਵਿਆਪਕ ਮਾਨਤਾ ਪ੍ਰਾਪਤ ਚਿਹਰਾ ਹਨ ਜਿਨ੍ਹਾਂ ਦੀਆਂ ਪੰਜ ਪੀੜ੍ਹੀਆਂ ਨੇ ਪੂਰਵ ਆਜ਼ਾਦੀ ਦੇ ਸਮੇਂ ਤੋਂ ਲੈ ਕੇ ਦੇਸ਼ ਦੀ ਸੇਵਾ ਕੀਤੀ ਹੈ। ਮੋਤੀ ਲਾਲ ਨਹਿਰੂ, ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।
Gandhi Family
ਮੁੱਖ ਮੰਤਰੀ ਨੇ ਕਿਹਾ ਕਿ ਚੋਣਾਵੀਂ ਹਾਰ ਕਦੇ ਵੀ ਲੀਡਰਸ਼ਿਪ ਤਬਦੀਲੀ ਦਾ ਪੈਮਾਨਾ ਨਹੀਂ ਹੁੰਦੀ। ਉਹਨਾਂ ਕਿਹਾ ਕਿ ਇਸ ਵੇਲੇ ਕਾਂਗਰਸ ਨੀਵਾਣ 'ਤੇ ਹੈ, ਇਸ ਦਾ ਮਤਲਬ ਇਹ ਨਹੀਂ ਕਿ ਗਾਂਧੀ ਪਰਿਵਾਰ ਦੇ ਪਾਰਟੀ ਨੂੰ ਉਪਰ ਚੁੱਕਣ ਦੇ ਯੋਗਦਾਨ ਨੂੰ ਭੁਲਾ ਦਿੱਤਾ ਜਾਵੇ। ਭਾਜਪਾ ਦੋ ਪਾਰਲੀਮੈਂਟ ਸੀਟਾਂ ਤੋਂ ਦੇਸ਼ ਦੀ ਅਗਵਾਈ ਕਰਨ ਵਾਲੀ ਪਾਰਟੀ ਬਣੀ ਹੈ। ਉਹਨਾਂ ਕਿਹਾ ਕਿ ਕਾਂਗਰਸ ਵੀ ਮੁੜ ਉਠੇਗੀ ਅਤੇ ਇਹ ਸਿਰਫ ਗਾਂਧੀ ਦੀ ਲੀਡਰਸ਼ਿਪ ਹੇਠ ਹੀ ਸੰਭਵ ਹੋਵੇਗਾ।
Indian National Congress
ਕੈਪਟਨ ਅਮਰਿੰਦਰ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹਾ ਕੋਈ ਕਦਮ ਪਾਰਟੀ ਨੂੰ ਵੰਡਣ ਜਾਂ ਅਸਥਿਰ ਕਰੇਗਾ ਜੋ ਆਧੁਨਿਕ ਭਾਰਤ ਦਾ ਨਿਰਮਾਣ ਕਰਨ ਵਾਲੇ ਸਾਡੇ ਪਿਤਾ ਪੁਰਖਿਆਂ ਦੇ ਸਿਧਾਂਤਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀਆਂ ਤਾਨਾਸ਼ਾਹੀ ਤਾਕਤਾਂ ਨੂੰ ਫਾਇਦਾ ਪਹੁੰਚਾਏਗਾ। ਇਹਨਾਂ ਸਿਧਾਂਤਾਂ ਦਾ ਤਾਂ ਪੂਰੀ ਦੁਨੀਆ ਅੱਜ ਸਤਿਕਾਰ ਕਰਦੀ ਹੈ। ਉਹਨਾਂ ਕਿਹਾ ਕਿ ਇਹਨਾਂ ਆਦਰਸ਼ਾਂ ਦੇ ਖਾਤਮੇ ਨਾਲ ਨਾ ਕੇਵਲ ਕਾਂਗਰਸ ਬਲਕਿ ਪੂਰੇ ਭਾਰਤ ਨੂੰ ਨੁਕਸਾਨ ਹੋਵੇਗਾ।