
ਕੈਪਟਨ ਨੇ ਸਿੱਧੂ ਦੇ ਸਲਾਹਕਾਰਾਂ ਨੂੰ ਦੇਸ਼ ਵਿਰੋਧੀ ਟਿਪਣੀਆਂ ਕਰਨ ਤੋਂ ਤਾੜਿਆ
ਗਰਗ ਤੇ ਮਾਲੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸਲਾਹ ਦੇਣ ਤਕ ਅਪਣਾ ਕੰਮ ਕਰਨ ਅਤੇ ਸੰਵੇਦਨਸ਼ੀਲ ਮੁੱਦਿਆਂ ਉਤੇ ਨਾ ਬੋਲਣ ਲਈ ਕਿਹਾ
ਚੰਡੀਗੜ੍ਹ, 22 ਅਗੱਸਤ (ਭੁੱਲਰ): ਕਸ਼ਮੀਰ ਅਤੇ ਪਾਕਿਸਤਾਨ ਵਰਗੇ ਸੰਵੇਦਨਸ਼ੀਲ ਕੌਮੀ ਮਾਮਲਿਆਂ ਉਤੇ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਦੇ ਹਾਲ ਹੀ ਵਿਚ ਆਏ ਬਿਆਨਾਂ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਜਿਹੀਆਂ ਘਿਨਾਉਣੀਆਂ ਅਤੇ ਮਾੜੀਆਂ ਟਿਪਣੀਆਂ ਵਿਰੁਧ ਤਾੜਨਾ ਕੀਤੀ ਜਿਨ੍ਹਾਂ ਨਾਲ ਸੂਬੇ ਦੇ ਨਾਲ-ਨਾਲ ਦੇਸ਼ ਦੀ ਅਮਨ-ਸ਼ਾਂਤੀ ਅਤੇ ਸਥਿਰਤਾ ਲਈ ਖ਼ਤਰਾ ਪੈਦਾ ਹੋ ਸਕਦਾ ਹੋਵੇ |
ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਵੀ ਅਪਣੇ ਸਲਾਹਕਾਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਸਲਾਹ ਦੇਣ ਤਕ ਸੀਮਿਤ ਰੱਖਣ ਅਤੇ ਉਨ੍ਹਾਂ ਮਸਲਿਆਂ ਉਤੇ ਨਾ ਬੋਲਣ ਲਈ ਕਿਹਾ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਜਾਂ ਤਾਂ ਥੋੜ੍ਹਾ-ਬਹੁਤ ਪਤਾ ਹੈ ਜਾਂ ਫੇਰ ਉਕਾ ਹੀ ਕੋਈ ਜਾਣਕਾਰੀ ਨਹੀਂ ਅਤੇ ਉਨ੍ਹਾਂ ਨੂੰ ਅਪਣੀਆਂ ਟਿਪਣੀਆਂ ਦੇ ਨਿਕਲਣ ਵਾਲੇ ਅਰਥਾਂ ਦੀ ਵੀ ਕੋਈ ਸਮਝ ਨਹੀਂ | ਮੁੱਖ ਮੰਤਰੀ ਨੇ ਇਹ ਪ੍ਰਤੀਕਿਰਿਆ ਡਾ. ਪਿਆਰੇ ਲਾਲ ਗਰਗ ਵਲੋਂ ਪਾਕਿਸਤਾਨ ਦੀ ਨਿਖੇਧੀ ਕਰਨ ਉਤੇ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਨੂੰ ਕੀਤੇ ਸਵਾਲ ਅਤੇ ਇਸ ਤੋਂ ਪਹਿਲਾਂ ਕਸ਼ਮੀਰ
ਬਾਰੇ ਮਾਲਵਿੰਦਰ ਸਿੰਘ ਮਾਲੀ ਦੀ ਵਿਵਾਦਪੂਰਨ ਬਿਆਨਬਾਜ਼ੀ ਦੇ ਸੰਦਰਭ ਵਿਚ ਸਾਹਮਣੇ ਆਈ ਹੈ | ਇਨ੍ਹਾਂ ਦੋਹਾਂ ਨੂੰ ਸਿੱਧੂ ਨੇ ਹਾਲ ਹੀ ਵਿਚ ਅਪਣੇ ਸਲਾਹਕਾਰ ਨਿਯੁਕਤ ਕੀਤਾ ਹੈ |
ਕੈਪਟਨ ਅਮਰਿੰਦਰ ਸਿੰਘ ਨੇ ਮਾਲੀ ਤੇ ਗਰਗ ਦੇ ਬਿਆਨਾਂ ਉਤੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਹ ਬਿਆਨ ਪਾਕਿਸਤਾਨ ਅਤੇ ਕਸ਼ਮੀਰ ਬਾਰੇ ਭਾਰਤ ਅਤੇ ਕਾਂਗਰਸ ਪਾਰਟੀ ਦੀ ਪੁਜ਼ੀਸ਼ਨ ਦੇ ਬਿਲਕੁਲ ਉਲਟ ਜਾਂਦੇ ਹਨ | ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਅਪਣੇ ਸਲਾਹਕਾਰਾਂ ਵਲੋਂ ਭਾਰਤ ਦੇ ਹਿਤਾਂ ਨੂੰ ਹੋਰ ਨੁਕਸਾਨ ਪਹੁੰਚਾਉਣ ਤੋਂ ਪਹਿਲਾਂ ਉਨ੍ਹਾਂ ਉਤੇ ਲਗਾਮ ਲਾਉਣ ਲਈ ਕਿਹਾ | ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਸੀ ਅਤੇ ਹੁਣ ਵੀ ਹੈ | ਉਨ੍ਹਾਂ ਕਿਹਾ ਕਿ ਇਸ ਦੇ ਉਲਟ ਮਾਲੀ ਨੇ ਪਾਕਿਸਤਾਨ ਦੀ ਹਾਂ ਵਿਚ ਹਾਂ ਮਿਲਾਉਣ ਵਾਲਾ ਬਿਆਨ ਦਿਤਾ ਹੈ ਜੋ ਕਿ ਪੂਰੀ ਤਰ੍ਹਾਂ ਦੇਸ਼ ਵਿਰੋਧੀ ਹੈ | ਉਨ੍ਹਾਂ ਮਾਲੀ ਦੀ ਨਿੰਦਾ ਕਰਦਿਆਂ ਕਿਹਾ ਕਿ ਨਾ ਸਿਰਫ਼ ਹੋਰ ਪਾਰਟੀਆਂ ਸਗੋਂ ਕਾਂਗਰਸ ਵਲੋਂ ਵੀ ਵਿਆਪਕ ਰੂਪ ਵਿਚ ਨਿੰਦੇ ਕੀਤੇ ਜਾਣ ਦੇ ਬਾਵਜੂਦ ਮਾਲੀ ਨੇ ਅਪਣਾ ਬਿਆਨ ਵਾਪਸ ਨਹੀਂ ਲਿਆ |