
ਕੇਜਰੀਵਾਲ 'ਵੱਡੇ ਝੂਠੇ', ਉਨ੍ਹਾਂ ਦੇ ਮੰਤਰੀ 'ਬਹੁਤ ਵੱਡੇ ਝੂਠੇ' : ਅਨੁਰਾਗ ਠਾਕੁਰ
ਸ਼ਿਮਲਾ, 22 ਅਗੱਸਤ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਵੱਡੇ ਝੂਠੇ' ਅਤੇ ਉਨ੍ਹਾਂ ਦੇ ਮੰਤਰੀ 'ਬਹੁਤ ਵੱਡੇ ਝੂਠੇ' ਹਨ | ਠਾਕੁਰ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਮਨੀਸ਼ ਸਿਸੋਦੀਆ ਦੇ ਇਸ ਦਾਅਵੇ 'ਤੇ ਪ੍ਰਤੀਕਿਰਿਆ ਜਾਹਰ ਕਰ ਰਹੇ ਸਨ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 'ਆਪ' ਨੂੰ ਤੋੜਨ 'ਤੇ ਮੁੱਖ ਮੰਤਰੀ ਅਹੁਦੇ ਦੀ ਪੇਸ਼ਕਸ਼ ਕੀਤੀ ਸੀ |
ਦਿੱਲੀ ਦੇ ਉੱਪ ਮੁੱਖ ਮੰਤਰੀ ਸਿਸੋਦੀਆ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਨ੍ਹਾਂ ਕੋਲ ਇਹ ਪੇਸ਼ਕਸ਼ ਕੀਤੀ ਸੀ ਕਿ ਜੇਕਰ ਉਹ ਭਾਜਪਾ ਵਿਚ ਸ਼ਾਮਲ ਹੁੰਦੇ ਹਨ ਅਤੇ 'ਆਪ' ਨੂੰ ਤੋੜ ਦਿੰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸਾਰੇ ਮਾਮਲਿਆਂ ਨੂੰ ਬੰਦ ਕਰ ਦਿਤਾ ਜਾਵੇਗਾ | ਸਿਸੋਦੀਆ ਦਿੱਲੀ ਆਬਕਾਰੀ ਨੀਤੀ ਨੂੰ ਲਾਗੂ ਕਰਨ ਵਿਚ ਕਥਿਤ ਬੇਨਿਯਮੀਆਂ ਦੇ ਸਬੰਧ ਵਿਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਦਰਜ ਕੀਤੀ ਗਈ ਐਫ਼.ਆਈ.ਆਰ. ਵਿਚ ਨਾਮਜਦ 15 ਲੋਕਾਂ ਵਿਚ ਸ਼ਾਮਲ ਹਨ |
ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਠਾਕੁਰ ਨੇ ਕਾਂਗੜਾ ਜ਼ਿਲ੍ਹੇ ਵਿਚ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,''ਕੇਜਰੀਵਾਲ ਵੱਡੇ ਝੂਠੇ ਹਨ ਅਤੇ ਅਜਿਹਾ ਲਗਦਾ ਹੈ ਕਿ ਉਨ੍ਹਾਂ ਦੇ ਮੰਤਰੀ ਬਹੁਤ ਵੱਡੇ ਝੂਠੇ ਹਨ |'' ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਸਾਸ਼ਨ ਦਾ ਮਾਡਲ ਫੇਲ ਹੋ ਗਿਆ ਹੈ ਕਿਉਂਕਿ ਦਿੱਲੀ ਵਿਚ 'ਆਪ' ਸਰਕਾਰ ਦਾ ਧਿਆਨ ਮੁਹੱਲਾ ਕਲੀਨਿਕਾਂ ਤੋਂ ਮੁਹੱਲਾ ਠੇਕਿਆਂ (ਸ਼ਰਾਬ ਦੀਆਂ ਦੁਕਾਨਾਂ) ਵਿਚ ਕੇਂਦਰਿਤ ਹੋ ਗਿਆ ਹੈ | ਭਾਜਪਾ ਆਗੂ ਨੇ ਦੋਸ਼ ਲਾਇਆ ਕਿ ਕੇਜਰੀਵਾਲ ਸ਼ਰਾਬ ਘਪਲੇ ਦੇ ਸਰਗਨਾ ਹਨ, ਜਦੋਂਕਿ ਸਿਸੋਦੀਆ ਮੁੱਖ ਦੋਸ਼ੀ ਹਨ | ਉਨ੍ਹਾਂ ਕਿਹਾ ਕਿ ਦੋਹਾਂ 'ਚੋਂ ਕਿਸੇ ਨੇ ਵੀ ਦਿੱਲੀ ਵਿਚ 'ਸ਼ਰਾਬ ਘਪਲੇ' ਦੇ ਸਬੰਧ 'ਚ ਹਾਲੇ ਤਕ ਕੋਈ ਸੰਤੋਸ਼ਜਨਕ ਜਵਾਬ ਨਹੀਂ ਦਿਤਾ ਹੈ |
(ਏਜੰਸੀ)