
ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਤੇ ਰੇਪ ਦਾ ਮਾਮਲਾ ਦਰਜ ਕਰਨ ਦੇ ਆਦੇਸ਼ 'ਤੇ ਸੁਪਰੀਮ ਕੋਰਟ ਦੀ ਰੋਕ
ਨਵੀਂ ਦਿੱਲੀ,22 ਅਗੱਸਤ : ਸੁਪਰੀਮ ਕੋਰਟ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸਈਦ ਸ਼ਾਹਨਵਾਜ ਹੁਸੈਨ ਵਿਰੁਧ 2018 ਵਿਚ ਕਥਿਤ ਜਬਰ ਜਨਾਹ ਦੀ ਸ਼ਿਕਾਇਤ 'ਚ ਐਫ਼.ਆਈ.ਆਰ. ਦਰਜ ਕਰਨ ਦੇ ਦਿੱਲੀ ਹਾਈ ਕੋਰਟ ਦੇ ਆਦੇਸ਼ 'ਤੇ ਸੋਮਵਾਰ ਨੂੰ ਰੋਕ ਲਗਾ ਦਿਤੀ |
ਜਸਟਿਸ ਯੂ.ਯੂ. ਲਲਿਤ, ਜਸਟਿਸ ਐਸ. ਰਵਿੰਦਰ ਭੱਟ ਅਤੇ ਜਸਟਿਸ ਸੁਧਾਂਸੂ ਧੂਲੀਆ ਦੇ ਬੈਂਚ ਨੇ ਐਫ਼.ਆਈ.ਆਰ. ਦਰਜ ਕਰਨ ਦੇ ਦਿੱਲੀ ਪੁਲਿਸ ਨੂੰ ਦਿਤੇ ਗਏ ਆਦੇਸ਼ 'ਤੇ ਰੋਕ ਲਗਾਉਣ ਦੇ ਨਾਲ-ਨਾਲ ਪੀੜਤਾ ਦੀ ਸ਼ਿਕਾਇਤ 'ਤੇ ਦਖਣੀ ਦਿੱਲੀ ਦੀ ਸਾਕੇਤ ਅਦਾਲਤ 'ਚ ਸਾਬਕਾ ਕੇਂਦਰੀ ਮੰਤਰੀ ਹੁਸੈਨ ਦੇ ਖ਼ਿਲਾਫ਼ ਸੁਰੂ ਕੀਤੀ ਗਈ ਕਾਰਵਾਈ 'ਤੇ ਰੋਕ ਲਗਾਉਣ ਦਾ ਆਦੇਸ਼ ਦਿਤਾ | ਭਾਜਪਾ ਆਗੂ ਹੁਸੈਨ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰੋਹਤਗੀ ਅਤੇ ਸਿਧਾਰਥ ਲੂਥਰਾ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਹ ਨਿਰਦੇਸ਼ ਜਾਰੀ ਕੀਤਾ | ਔਰਤ ਵਲੋਂ ਪੇਸ਼ ਐਡਵੋਕੇਟ ਐਸ.ਕੇ. ਸਿੰਘ ਨੇ ਦੋਸ਼ ਲਗਾਇਆ ਕਿ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਗਈ | ਦੋਸ਼ੀ ਸ਼ਾਹਨਵਾਜ ਤੋਂ ਹੁਣ ਔਰਤ ਨੂੰ ਜਾਨ ਦਾ ਖਤਰਾ ਹੈ | ਇਸ 'ਤੇ ਬੈਂਚ ਨੇ ਕਿਹਾ ਕਿ ਜੇਕਰ ਉਹ (ਔਰਤ) ਨਜ਼ਦੀਕੀ ਪੁਲਿਸ ਥਾਣੇ ਤੋਂ ਸ਼ਿਕਾਇਤ ਕਰਦੀ ਹੈ ਤਾਂ ਉਸ ਦੀ ਸੁਰੱਖਿਆ ਦੀ ਪਟੀਸ਼ਨ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ |
ਸੁਪਰੀਮ ਕੋਰਟ ਨੇ ਸ਼ਿਕਾਇਤਕਰਤਾ ਔਰਤ ਨੂੰ ਨੋਟਿਸ ਜਾਰੀ ਕਰ ਕੇ ਕਿਹਾ ਕਿ ਉਹ ਇਸ ਮਾਮਲੇ ਦੀ ਅਗਲੀ ਸੁਣਵਾਈ ਨੂੰ ਸਤੰਬਰ ਦੇ ਤੀਜੇ ਹਫ਼ਤੇ 'ਚ ਕਰੇਗੀ | ਸਾਬਕਾ ਕੇਂਦਰੀ ਮੰਤਰੀ ਨੇ ਹਾਈ ਕੋਰਟ ਦੀ ਸਿੰਗਲ ਬੈਂਚ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ 'ਚ ਚੁਣੌਤੀ ਦਿਤੀ ਸੀ | ਬੈਂਚ ਨੇ 17 ਅਗੱਸਤ ਨੂੰ ਹੁਸੈਨ ਖ਼ਿਲਾਫ਼ ਅਪਰਾਧਕ ਪ੍ਰਕਿਰਿਆ ਜਾਬਤਾ ਦੀ ਧਾਰਾ 173 ਦੇ ਅਧੀਨ ਐਫ਼.ਆਈ.ਆਰ. ਦਰਜ ਕਰਨ, ਤਿੰਨ ਮਹੀਨੇ ਅੰਦਰ ਜਾਂਚ ਪੂਰੀ ਕਰਨ ਅਤੇ ਵੇਰਵਾ ਰਿਪੋਰਟ ਦਾਖ਼ਲ ਕਰਨ ਦਾ ਨਿਰਦੇਸ਼ ਦਿਤਾ ਸੀ | (ਏਜੰਸੀ)