
ਲੋਕ ਸਭਾ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ
ਨਸਰਾਲਾ : ਹੁਸ਼ਿਆਰਪੁਰ-ਜਲੰਧਰ ਰੋਡ ਅੱਡਾ ਮਡਿਆਲਾਂ ਵਿਖੇ ਐਲ. ਪੀ. ਗੈਸ ਟੈਂਕਰ ਅਤੇ ਭਾਰ ਢੋਣ ਵਾਲੀ ਜੀਪ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 4 ਹੋ ਗਈ ਹੈ। ਜਦਕਿ ਇਸ ਹਾਦਸੇ ਦੌਰਾਨ ਲਗਭਗ 25 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਅਤੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਜਖ਼ਮੀਆਂ ਵਿਚੋਂ ਕਈ ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਸਾਬਕਾ ਮੰਤਰੀ ਬੀਬੀ ਮਹਿੰਦਰ ਕੋਰ ਜੋਸ਼, ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਮੌਕੇ ’ਤੇ ਪਹੁੰਚੇ। ਇਨ੍ਹਾਂ ਆਗੂਆਂ ਵੱਲੋਂ ਮ੍ਰਿਤਕ ਵਿਅਕਤੀਆਂ ਅਤੇ ਜ਼ਖ਼ਮੀ ਵਿਅਕਤੀਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਹਾਦਸੇ ਦੌਰਾਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 2-2 ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਜਾਵੇਗੀ ਜਦਕਿ ਹਾਦਸੇ ਦੌਰਾਨ ਜ਼ਖਮੀ ਹੋਣ ਵਾਲੇ ਵਿਅਕਤੀਆਂ ਦਾ ਇਲਾਜ ਫਰੀ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਮੰਡਿਆਲਾਂ ਪਿੰਡ ਵਿਖੇ ਐਲ.ਪੀ. ਗੈਸ ਟੈਂਕ ਦੇ ਇਕ ਜੀਪ ਨਾਲ ਟਕਰਾਉਣ ਤੋਂ ਬਾਅਦ ਧਮਾਕਾ ਹੋ ਗਿਆ। ਇਸ ਧਮਾਕੇ ਤੋਂ ਬਾਅਦ ਕਈ ਘਰ ਚਪੇਟ ਵਿਚ ਆ ਗਏ ਸਨ ਕਈ ਗੱਡੀਆਂ ਵੀ ਅੱਗ ਦੀ ਚਪੇਟ ਵਿਚ ਆ ਗਈਆਂ ਸਨ।