
ਮ੍ਰਿਤਕ ਦੇਹ ਨੂੰ ਬੋਰੀ ’ਚ ਪਾ ਕੇ ਨਹਿਰ ’ਚ ਸੁੱਟਿਆ
ਖਰੜ : ਸ਼ਰਾਬ ਪੀਣ ਦੇ ਆਦੀ ਕਮਲਜੀਤ ਸਿੰਘ ਨੇ ਆਪਣੀ ਪਤਨੀ ਰਾਜ ਕੌਰ ਦੀ ਗਲਾ ਘੋਟ ਕੇ ਹੱਤਿਆ ਕਰ ਦਿੱਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਹੱਤਿਆ ਕਰਨ ਤੋਂ ਬਾਅਦ ਕਮਲਜੀਤ ਨੇ ਦੋਸਤ ਦੀ ਮਦਦ ਨਾਲ ਲਾਸ਼ ਨੂੰ ਬੈਗ ’ਚ ਪਾ ਕੇ ਨਹਿਰ ’ਚ ਸੁੱਟ ਦਿੱਤਾ। ਰਾਜ ਕੌਰ ਦੇ ਭਰਾ ਕੁਲਦੀਪ ਵੱਲੋਂ ਖਰੜ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਕਮਲਜੀਤ ਸਿੰਘ ਅਤੇ ਉਸ ਦੇ ਦੋਸਤ ਝੁਗਦੀਪ ਸਿੰਘ ਡਿੰਪੀ ਖਿਲਾਫ ਹੱਤਿਆ ਅਤੇ ਹੱਤਿਆ ਦੇ ਸਬੂਤ ਮਿਟਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਦੋਵੇਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਪੁੱਛਗਿੱਛ ਦੌਰਾਨ ਦੱਸਿਆ ਕਿ ਰਾਜ ਕੌਰ ਦੀ ਹੱਤਿਆ ਕਰਨ ਤੋਂ ਬਾਅਦ ਮ੍ਰਿਤਕ ਦੇਹ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਪੁਲਿਸ ਨੇ ਗੋਤਾਖੋਰਾ ਦੀ ਮਦਦ ਨਾਲ ਰਾਜ ਕੌਰ ਦੀ ਮ੍ਰਿਤਕ ਦੇਹ ਨੂੰ ਬਰਾਮਦ ਕਰ ਲਿਆ ਹੈ। ਆਰੋਪੀਆਂ ਨੂੰ ਖਰੜ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਨੇ ਦਿਨਾ ਰਿਮਾਂਡ ਹਾਸਲ ਕੀਤਾ।
ਇਸ ਤੋਂ ਪਹਿਲਾਂ ਜਦੋਂ ਫੋਨ ਕਰਕੇ ਰਾਜ ਕੌਰ ਦੇ ਭਰਾ ਕੁਲਦੀਪ ਸਿੰਘ ਨੇ ਕਮਲਜੀਤ ਤੋਂ ਪੁੱਛਿਆ ਕਿ ਉਸਦੀ ਭੈਣ ਕਿੱਥੇ ਹੈ ਤਾਂ ਉਸ ਨੇ ਕਿਹਾ ਕਿ ਰਾਜ ਕੌਰ ਘਰ ਛੱਡ ਕੇ ਕਿਤੇ ਚਲੀ ਗਈ ਹੈ। ਪਰ ਰਾਜ ਕੌਰ ਦੇ ਭਰਾ ਨੂੰ ਸ਼ੱਕ ਹੋਇਆ ਕਿ ਕਮਲਜੀਤ ਸਿੰਘ ਝੂਠ ਬੋਲ ਰਿਹਾ ਹੈ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰਾ ਭੇਤ ਖੋਲ੍ਹ ਦਿੱਤਾ।
ਜ਼ਿਕਰਯੋਗ ਹੈ ਕਿ 2023 ’ਚ ਖਰੜ ਦੇ ਦਸ਼ਮੇਸ਼ ਨਗਰ ’ਚ ਵਿਆਹੀ ਰਾਜ ਕੌਰ ਦਾ ਪਤੀ ਕਮਤਲਜੀਤ ਸਿੰਘ ਸ਼ਰਾਬ ਪੀਣ ਦਾ ਆਦੀ ਸੀ। ਰਾਜ ਕੌਰ ਉਸ ਨੂੰ ਅਕਸਰ ਸ਼ਰਾਬ ਪੀਣ ਤੋਂ ਰੋਕਦੀ ਸੀ ਅਤੇ ਇਸ ਕਾਰਨ ਦੋਹਾਂ ਦਰਮਿਆਨ ਅਕਸਰ ਹੀ ਝਗੜਾ ਰਹਿੰਦਾ ਸੀ। ਬੀਤੀ 10 ਅਗਸਤ ਨੂੰ ਰਾਜ ਨੇ ਆਪਣੀ ਮਾਂ ਗੁਰਦੀਪ ਕੌਰ ਨੂੰ ਫੋਨ ਕੀਤਾ ਅਤੇ ਉਸ ਸਮੇਂ ਰਾਜ ਡਰੀ ਹੋਈ ਸੀ। ਉਸ ਤੋਂ ਬਾਅਦ ਲਗਾਤਾਰ ਰਾਜ ਨੂੰ ਫ਼ੋਨ ਕੀਤਾ ਗਿਆ ਪਰ ਉਸ ਨੇ ਫੋਨ ਨਹੀਂ ਚੁੱਕਿਆ। 20 ਅਗਸਤ ਨੂੰ ਕੁਲਦੀਪ ਸਿੰਘ ਆਪਣੀ ਮਾਂ ਨਾਲ ਰਾਜ ਕੌਰ ਨੂੰ ਮਿਲਣ ਗਿਆ ਤਾਂ ਉਹ ਘਰ ਮੌਜੂਦ ਨਹੀਂ ਸੀ।