
ਖੇਤੀਬਾੜੀ ਬਿਲਾਂ ਨੂੰ ਰਾਜ ਸਭਾ 'ਚ ਬਿਨਾਂ ਵੋਟਾਂ ਤੋਂ ਕਰਵਾਇਆ ਗਿਆ ਪਾਸ : ਕੇਜਰੀਵਾਲ
ਜੇਕਰ ਕਾਨੂੰਨਾਂ ਨੂੰ ਬਿਨਾਂ ਵੋਟਿੰਗ ਦੇ ਪਾਸ ਕਰਵਾਉਣਾ ਹੈ ਤਾਂ ਫਿਰ ਸੰਸਦ ਦਾ ਕੀ ਮਤਲਬ, ਚੋਣਾਂ ਦਾ ਕੀ ਮਤਲਬ?
ਨਵੀਂ ਦਿੱਲੀ, 22 ਸਤੰਬਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਖਤਰਨਾਕ ਖੇਤੀਬਾੜੀ ਬਿੱਲਾਂ ਨੂੰ ਰਾਜ ਸਭਾ 'ਚ ਬਿਨਾਂ ਵੋਟ ਵੰਡ ਦੇ ਪਾਸ ਕਰਵਾਇਆ ਗਿਆ। ਇਸ ਦੇ ਨਾਲ ਹੀ ਕੇਜਰੀਵਾਲ ਨੇ 8 ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਦੀ ਸ਼ਲਾਘਾ ਕੀਤੀ।
ਸੰਸਦ ਦੇ ਉਚ ਸਦਨ 'ਚ ਖੇਤੀਬਾੜੀ ਬਿਲ ਪਾਸ ਹੋਣ ਦੌਰਾਨ ਬਦਸਲੂਕੀ ਕਰਨ ਲਈ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਸਮੇਤ ਰਾਜ ਸਭਾ ਦੇ 8 ਮੈਂਬਰਾਂ ਨੂੰ ਮਾਨਸੂਨ ਸੈਸ਼ਨ ਦੀ ਬਾਕੀ ਮਿਆਦ ਲਈ ਮੁਅੱਤਲ ਕਰ ਦਿਤਾ ਗਿਆ ਸੀ। ਸਿੰਘ ਤੋਂ ਇਲਾਵਾ ਤ੍ਿਰਣਮੂਲ ਦੇ ਡੇਰੇਕ ਉ ਬ੍ਰਾਇਨ, ਕਾਂਗਰਸ ਦੇ ਰਾਜੀਵ ਸਾਤਵ, ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਏ. ਕਰੀਮ ਅਤੇ ਕੇ.ਕੇ. ਰਾਗੇਸ਼, ਕਾਂਗਰਸ ਦੇ ਸਈਅਦ ਨਜ਼ੀਰ ਹੁਸੈਨ ਅਤੇ ਰਿਪੁਨ ਬੋਰੇਨ ਅਤੇ ਤ੍ਿਰਣਮੂਲ ਦੇ ਡੋਲਾ ਸੇਨ ਨੂੰ ਮੁਅੱਤਲ ਕੀਤਾ ਗਿਆ ਸੀ।
ਕੇਜਰੀਵਾਲ ਨੇ ਕਿਹਾ ਕਿ ਇਹ 8 ਸੰਸਦ ਮੈਂਬਰ, ਸੰਸਦ ਕੰਪਲੈਕਸ 'ਚ ਗਰਮੀ, ਮੱਛਰ ਅਤੇ ਹੋਰ ਅਸਹੂਲਤਾਵਾਂ ਦੀ ਪਰਵਾਹ ਨਾ ਕਰਦੇ ਹੋਏ ਕਿਸਾਨਾਂ ਦੇ ਹੱਕ ਲਈ ਲੜ ਰਹੇ ਹਨ। ਕੇਜਰੀਵਾਲ ਨੇ ਟਵੀਟ ਕੀਤਾ ਕਿ ਉਹ ਅਪਣੇ ਲਈ ਕੁਝ ਨਹੀਂ ਮੰਗ ਰਹੇ। ਉਹ ਜਨਤੰਤਰ ਅਤੇ ਸੰਵਿਧਾਨ ਲਈ ਲੜ ਰਹੇ ਹਨ। ਉਹ ਦੇਸ਼ ਦੇ ਕਿਸਾਨਾਂ ਲਈ ਸੰਘਰਸ਼ ਕਰ ਰਹੇ ਹਨ। ਕੇਜਰੀਵਾਲ ਨੇ ਟਵੀਟ ਕੀਤਾ, ਇੰਨੇ ਖ਼ਤਰਨਾਕ ਕਾਨੂੰਨਾਂ ਨੂੰ ਬਿਨਾਂ ਵੋਟਿੰਗ ਕਰਵਾਏ ਸੰਸਦ ਤੋਂ ਪਾਸ ਐਲਾਨ ਕਰ ਦਿਤਾ? ਫਿਰ ਸੰਸਦ ਦਾ ਕੀ ਮਤਲਬ, ਚੋਣਾਂ ਦਾ ਕੀ ਮਤਲਬ? ਜੇਕਰ ਇਸੇ ਤਰ੍ਹਾਂ ਕਾਨੂੰਨ ਪਾਸ ਕਰਵਾਉਣੇ ਹਨ ਤਾਂ ਸੰਸਦ ਸੈਸ਼ਨ ਕਿਉਂ ਬੁਲਾਉਂਦੇ ਹੋ? (ਏਜੰਸੀ)