ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ, ਸਿਆਸੀ ਸਕੱਤਰ ਪਰਮਜੀਤ ਸਿਧਵਾਂ ਨੇ ਅਨੇਕਾਂ ਦੋਸ਼ ਲਾ ਕੇ ਛੱਡੀ ਪ
Published : Sep 23, 2020, 1:21 am IST
Updated : Sep 23, 2020, 1:21 am IST
SHARE ARTICLE
image
image

ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ, ਸਿਆਸੀ ਸਕੱਤਰ ਪਰਮਜੀਤ ਸਿਧਵਾਂ ਨੇ ਅਨੇਕਾਂ ਦੋਸ਼ ਲਾ ਕੇ ਛੱਡੀ ਪਾਰਟੀ

ਸਿਧਵਾਂ ਨੇ ਚਿੱਠੀ ਰਾਹੀਂ ਬਾਦਲ 'ਤੇ ਕਿਸਾਨ ਅਤੇ ਪੰਥ ਵਿਰੋਧੀ ਤੋਂ ਇਲਾਵਾ ਸੌਦਾ ਸਾਧ ਪੱਖੀ ਹੋਣ ਦੇ ਲਗਾਏ ਦੋਸ਼

  to 
 

ਚੰਡੀਗੜ੍ਹ, 22 ਸਤੰਬਰ (ਤੇਜਿੰਦਰ ਫ਼ਤਿਹਪੁਰ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਸਿਧਵਾਂ ਨੇ ਅੱਜ ਅਪਣੇ ਅਹੁਦਿਆਂ ਸਮੇਤ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿਤਾ ਹੈ।
ਪਰਮਜੀਤ ਸਿੰਘ ਸਿਧਵਾਂ ਵਲੋਂ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਨੂੰ ਇਕ ਚਿੱਠੀ ਵੀ ਲਿਖੀ ਗਈ ਹੈ, ਜਿਸ ਵਿਚ ਸਿਧਵਾਂ ਵਲੋਂ ਸੁਖਬੀਰ ਸਿੰਘ ਬਾਦਲ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਹਨ। ਸਿਧਵਾਂ ਨੇ ਕਿਹਾ ਹੈ ਕਿ ਪ੍ਰਧਾਨ ਸਾਹਿਬ ਤੁਸੀਂ ਪੰਥ ਦੀ ਪ੍ਰਵਾਹ ਕੀਤੇ ਬਿਨਾਂ ਗ੍ਰਹਿ ਮੰਤਰੀ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੋਂ ਪਾਸਾ ਵੱਟ ਕੇ ਡੇਰੇਦਾਰ ਪ੍ਰਤੀ ਨਰਮ ਰੁਖ਼ ਰਖਿਆ ਅਤੇ ਅਕਾਲ ਤਖ਼ਤ ਸਾਹਿਬ ਤੋਂ ਸੌਦਾ ਸਾਧ ਨੂੰ ਮਾਫ਼ੀ ਦਿਵਾਈ। ਇਸ ਤੋਂ ਇਲਾਵਾ ਸੌਦਾ ਸਾਧ ਦੀ ਪੰਜਾਬ ਵਿਚ ਫ਼ਿਲਮ ਚਲਾਉਣ ਲਈ ਉਪ ਮੁੱਖ ਮੰਤਰੀ ਹੁੰਦਿਆਂ ਸਰਕਾਰ ਦੀ ਵਰਤੋਂ ਕੀਤੀ। ਸਿਧਵਾਂ ਨੇ ਕਿਹਾ ਕਿ ਜਦੋਂ ਗੁਰੁ ਗ੍ਰੰਥ ਸਾਹਿਬ ਦੀਆਂ ਬੇ-ਅਦਬੀਆਂ ਕਰਨ ਅਤੇ ਕਰਾਉਣ ਦੀ ਜਾਂਚ ਦੀ ਮੰਗ ਕਰ ਰਹੀਆਂ ਸੰਗਤਾਂ 'ਤੇ ਲਾਠੀਚਾਰਜ ਅਤੇ ਗੋਲੀਆਂ ਚਲਾ ਕੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਹੀ ਲੋਕਾਂ ਵਿਚ ਪੰਥਕ ਸਰਕਾਰ ਦਾ ਕਰੂਪ ਚਿਹਰਾ ਨੰਗਾ ਹੋ ਗਿਆ ਸੀ।
ਸਿਧਵਾਂ ਨੇ ਅੱਗੇ ਲਿਖਿਆ,''ਮੈਂ ਤੁਹਾਡਾ ਸਿਆਸੀ ਸਕੱਤਰ ਹੋਣ ਕਰ ਕੇ ਤੁਹਾਡੀ ਹਾਂ ਵਿਚ ਹਾਂ ਮਿਲਾਉਣਾ ਮੇਰਾ ਫ਼ਰਜ਼ ਸੀ ਜੋ ਮੈਂ ਜ਼ਿੰਮੇਵਾਰੀ ਨਾਲ ਨਿਭਾਇਆ। ਮੈਂ ਤੁਹਾਡੇ ਬਹੁਤ ਸਾਰੇ ਫ਼ੈਸਲਿਆਂ ਵਿਰੁਧ ਅਪਣੀ ਸਲਾਹ ਵੀ ਦਿਤੀ, ਜੇ ਤੁਸੀਂ ਨਹੀਂ ਮੰਨੀ ਤਾਂ ਮੈਂ ਸਿਆਸੀ ਸਕੱਤਰ ਹੋਣ ਕਰ ਕੇ ਤੁਹਾਡੇ ਫ਼ੈਸਲੇ ਨੂੰ ਹੀ ਸਹੀ ਪ੍ਰਚਾਰਿਆ ਅਤੇ ਕਿਸੇ ਕੋਲ ਇਹ ਜ਼ਿਕਰ ਕਦੇ ਨਹੀਂ ਕੀਤਾ ਕਿ ਮੈਂ ਇਸ ਫ਼ੈਸਲੇ ਵਿਰੁਧ ਸੀ। ਮੈਂ ਆਪ ਨੂੰ ਬਹੁਤ ਨੇੜੇ ਤੋਂ ਜਾਣਿਆ ਅਤੇ ਦੇਖਿਆ ਹੈ ਕਿ ਤੁਹਾਡੇ ਅੰਦਰ ਪੰਜਾਬ ਜਾਂ ਪੰਥ ਨਾਲੋਂ ਅਪਣੇ ਨਿਜੀ ਹਿਤ ਜ਼ਿਆਦਾ ਭਾਰੂ ਹਨ। ਤੁਸੀਂ ਪਾਰਟੀ ਨੂੰ ਹਮੇਸ਼ਾ ਹੁਕਮਰਾਨਾਂ ਵਾਂਗੂ ਚਲਾਉਣ ਕਰ ਕੇ ਪਾਰਟੀ ਨੂੰ ਅਪਣੇ 100 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰੀ ਨਮੋਸ਼ੀ ਝੱਲਣੀ ਪਈ ਅਤੇ ਤੀਜੇ ਸਥਾਨ ਤੇ ਸਬਰ ਕਰਨਾ ਪਿਆ, ਜਦਕਿ ਆਪ ਵਲੋਂ ਲਏ ਕਈ ਫ਼ੈਸਲੇ ਪਾਰਟੀ ਵਰਕਰਾਂ ਲਈ ਨਮੋਸ਼ੀ ਦਾ ਕਾਰਨ ਬਣਦੇ ਰਹੇ, ਜਿਵੇਂ 2014 ਵਿਚ ਸਾਨੂੰ ਵਾਹਗਾ ਬਾਰਡਰ ਤੋਂ ਰਾਜਪੁਰਾ ਤਕ ਭਾਜਪਾ ਚੰਗੀ, ਅੰਬਾਲਾ ਤੋਂ ਦਿੱਲੀ ਬਾਰਡਰ ਤੱਕ ਮਾੜੀ, ਅੱਗੇ ਫਿਰ ਹਿੰਦੁਸਤਾਨ ਵਿਚ ਚੰਗੀ ਕਹਿਣਾ ਪਿਆ। ਤੁਸੀਂ ਜਬਰੀ ਹਰਿਆਣਾ ਚੋਣ ਭਾਜਪਾ ਵਿਰੁਧ ਲੜੀ। ਲੋਕ ਪੁੱਛਦੇ ਸੀ ਭਾਜਪਾ ਇਕੱਲੇ ਹਰਿਆਣੇ ਵਿਚ ਹੀ ਮਾੜੀ ਹੈ। ਫਿਰ ਦਿੱਲੀ ਵਿਚ ਬਾਈਕਾਟ, ਹਰਿਆਣੇ ਵਿਚ ਮੁਕਾਬਲਾ, ਪੰਜਾਬ ਵਿਚ ਸਾਂਝ ਸੱਭ

ਬਚਕਾਨਾ ਕਾਰਵਾਈਆਂ ਸਨ।''
ਸਿਧਵਾਂ ਨੇ ਸੁਖਬੀਰ ਬਾਦਲ ਨੂੰ ਅੱਗੇ ਲਿਖਿਆ ਕਿ ਤੁਹਾਡੇ ਅਤੇ ਵੱਡੇ ਬਾਦਲ ਸਾਹਿਬ ਦੇ ਕਹਿਣ ਤੇ 2019 ਦੇ ਲੋਕ ਸਭਾ ਚੋਣ ਵਿੱਚ ਬਠਿੰਡਾ ਪੂਰੀ ਡਿਊਟੀ ਦਿੱਤੀ, ਜਦਕਿ ਆਪ ਵੱਲੋਂ ਲਏ ਗਏ ਕਈ ਫੈਸਲੇ ਵੀ ਨਾਮੋਸ਼ੀ ਦਾ ਕਾਰਨ ਬਣਦੇ ਰਹੇ।ਪਾਰਟੀ ਦੇ ਹਰ ਵਰਕਰ ਨੂੰ ਲੋਕਾਂ ਵਿੱਚ ਜਾ ਕੇ ਲੋਕ ਰੋਹ ਅੱਗੇ ਪਾਰਟੀ ਦਾ ਪੱਖ ਪੇਸ਼ ਕਰਨਾ ਹੀ ਮੁਸ਼ਕਲ ਹੋ ਗਿਆ।
ਪਰ ਹੁਣ ਤਾਂ ਹੱਦ ਹੀ ਹੋ ਗਈ ਜਦ ਖੇਤੀ ਆਰਡੀਨੈਂਸ ਦੇ ਆਉਣ ਤੇ ਤੁਸੀਂ ਪਾਰਟੀ ਦੀ ਹਾਲਤ ਪਾਣੀਓ ਪਤਲੀ ਕਰਕੇ ਰੱਖ ਦਿੱਤੀ। ਬਿਨਾਂ ਕਿਸੇ ਅਕਾਲੀ ਲੀਡਰਸ਼ਿਪ ਨਾਲ ਸਲਾਹ ਕੀਤੇ ਤੁਸੀਂ ਪਾਰਟੀ ਪ੍ਰਧਾਨ ਹੋਣ ਨਾਤੇ ਅਤੇ ਪਾਰਟੀ ਵੱਲੋਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੂਨ ਮਹੀਨੇ ਤੋਂ 14 ਸਤੰਬਰ ਤੱਕ ਖੇਤੀ ਆਰਡੀਨੈਂਸ ਦੇ ਹੱਕ ਵਿੱਚ ਪੂਰਾ ਖੁੱਲਮ ਖੁੱਲਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।ਇਸ ਦੌਰਾਨ ਅਨੇਕਾਂ ਪ੍ਰੈਸ ਕਾਨਫਰੰਸਾਂ, ਕੇਂਦਰੀ ਖੇਤੀ ਮੰਤਰੀ ਤੋਂ ਲਿਖਤੀ ਭਰੋਸਾ ਅਤੇ ਸੋਸ਼ਲ ਮੀਡੀਏ ਤੋਂ ਲਗਾਤਾਰ ਹਾਂ ਪੱਖੀ ਪ੍ਰਚਾਰ ਕੀਤਾ। ਤੁਸੀਂ ਮਜਬੂਰ ਬਾਦਲ ਸਾਹਿਬ ਤੋਂ ਵੀ ਬਿਆਨ ਦਿਵਾ ਦਿੱਤਾ ਕਿ *ਮੇਰੇ ਨੂੰਹ ਪੁੱਤ ਸੱਚ ਬੋਲਦੇ ਹਨ ਕਿ ਇਹ ਆਰਡੀਨੈਂਸ ਕਿਸਾਨ ਪੱਖੀ ਹਨ।
ਹੈਰਾਨੀ ਅਤੇ ਸ਼ਰਮਿੰਦਗੀ ਤਾਂ ਉਸ ਸਮੇਂ ਹੋਈ ਜਦੋਂ ਇਕ ਦਮ ਯੂ ਟਰਨ ਲੈ ਲਿਆ ਅਤੇ ਆਰਡੀਨੈਂਸ ਤੁਹਾਨੂੰ ਕਿਸਾਨ, ਪੰਜਾਬ ਵਿਰੋਧੀ ਦਿੱਸਣ ਲੱਗੇ। ਜਿਹੜੀਆਂ ਕਿਸਾਨ ਜਥੇਬੰਦੀਆਂ, ਆਮ ਆਦਮੀ ਪਾਰਟੀ ਅਤੇ ਡੈਮੋਕ੍ਰੇਟਿਕ ਅਕਾਲੀ ਦਲ ਅਤੇ ਹੋਰ ਦਲਾਂ ਨੂੰ ਕਾਂਗਰਸ ਦੀ 'ਬੀ ਟੀਮ' ਦੱਸਦੇ ਸੀ, ਉਹ ਹੁਣ ਤੁਹਾਨੂੰ ਪੰਜਾਬ ਹਿਤੈਸ਼ੀ ਦਿਸਣ ਲੱਗੇ ਅਤੇ ਅੱਜ ਪਿਛੋਂ ਭੱਜ ਕਿ ਉਹਨਾਂ ਨਾਲ ਰਲਣ ਲਈ ਕਾਹਲ੍ਹੇ ਜਾਪਦੇ ਹੋ।

'ਨਾਲੇ ਸੌ ਡੰਡੇ ਖਾਧੇ, ਨਾਲੇ ਨੌ ਗੰਢੇ ਖਾਧੇ' ਵਾਲੀ ਕਹਾਵਤ ਵਾਂਗ ਨਾ ਇਧਰ ਦੇ ਰਹੇ, ਨਾ ਉਧਰ ਦੇ ਰਹੇ।

ਪ੍ਰਧਾਨ ਜੀ ਜਿਨ੍ਹਾਂ ਕੁ ਮੈਂ ਤੁਹਾਨੂੰ ਨਿੱਜੀ ਤੌਰ ਤੇ ਜਾਣਦਾ ਹਾਂ, ਉਸ ਤੋਂ ਨਹੀਂ ਲੱਗਦਾ ਕਿ ਤੁਸੀਂ ਲੋਕਾਂ ਦੇ ਦਬਾਅ ਥੱਲੇ ਫੈਸਲਾ ਬਦਲਿਆਂ ਏ, ਕਿਉਂਕਿ ਲੋਕਾਂ ਦਾ ਦਬਾਅ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਵੀ ਬਹੁਤ ਸੀ ਪਰ ਤੁਸੀ ਤਾਂ ਧਰਨਿਆਂ ਤੇ ਬੈਠੇ ਗੁਰਸਿੱਖਾਂ ਨੂੰ ਵਿਹਲੇ ਦੱਸ ਕੇ ਮਾਖੌਲ ਉਡਾਇਆ ਕਰਦੇ ਸੀ। ਲੱਗਦਾ ਤੁਹਾਡਾ ਇਹ ਫੈਸਲਾ ਬਦਲਣ ਅਤੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਪਿੱਛੇ ਅਣ-ਕਿਆਸੇ ਕਾਰਨ ਹਨ। ਚਰਚਾ ਤਾਂ ਇਹ ਵੀ ਹੈ ਕਿ ਕੇਂਦਰ ਤੋਂ ਆਪਣਾ ਨਿੱਜੀ ਲਾਭ ਲੈਣ ਲਈ ਅਸਤੀਫਾ ਦੇ ਕੇ ਦਬਾਅ ਬਣਾ ਰਹੇ ਹੋ ਅਤੇ ਇੱਥੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਣ ਦਾ ਭਰਮ ਪੈਦਾ ਕਰ ਰਹੇ ਹੋ, ਜਦਕਿ ਬੀਬਾ ਜੀ ਅਜੇ ਵੀ ਆਰਡੀਨੈਂਸ ਨੂੰ ਫਾਇਦੇਮੰਦ ਦੱਸ ਰਹੇ ਹਨ।ਅਜਿਹੇ ਬਿਆਨਾਂ ਨਾਲ ਹਾਸੋਹੀਣੀ ਸਥਿਤੀ ਬਣੀ ਹੋਈ ਹੈ।ਜਦਕਿ ਪਹਿਲਾ ਵੀ ਪਾਰਟੀ ਦੀ ਕੇਂਦਰ ਸਰਕਾਰ ਵਿੱਚ ਭਾਜਪਾ ਨਾਲ ਭਾਈਵਾਲੀ ਪਰ ਹਰਿਆਣਾ ਚੋਣਾਂ ਵਿੱਚ ਵਿਰੋਧ, ਦਿੱਲੀ ਚੋਣਾਂ ਵਿੱਚ ਵੱਖਰਾ ਸਟੈਂਡ ਲੈਣ ਨਾਲ ਅਕਾਲੀ ਦਲ ਲੀਡਰਸ਼ਿਪ ਕੋਲ ਕੋਈ ਜਵਾਬ ਨਹੀਂ ਸੀ। ਮੈਂ ਦੋ ਦਿਨ ਚੱਜ ਨਾਲ ਸੌਂ ਨਹੀਂ ਸਕਿਆ । ਮੇਰੀ ਦੋ ਦਿਨਾਂ ਵਿੱਚ ਆਪਣੀ ਪਾਰਟੀ ਦੇ 70 ਸਿਆਣੇ ਲੀਡਰਾਂ, ਜੁੰਮੇਵਾਰ ਵਰਕਰਾਂ ਨਾਲ ਗੱਲ ਹੋਈ ਹੈ ਸਭ ਮਾਯੂਸ ਅਤੇ ਪ੍ਰੇਸ਼ਾਨ ਹਨ ਕਿ ਪ੍ਰਧਾਨ ਸਾਹਿਬ ਪਹਿਲਾਂ ਠੀਕ ਸੀ ਕਿ ਹੁਣ ਪ੍ਰਧਾਨ ਜੀ ਕੁੱਝ ਚਾਪਲੂਸ ਅਤੇ ਬੱਲੇ-ਬੱਲੇ ਕਰਨ ਵਾਲੇ ਲੋਕ ਜ਼ਰੂਰ ਤੁਹਾਡੇ ਪਹਿਲੇ ਫੈਸਲੇ ਤੇ ਵੀ ਵਾਹ- ਵਾਹ ਕਰ ਰਹੇ ਸਨ, ਹੁਣ ਬਦਲੇ ਹੋਏ ਫੈਸਲੇ ਤੇ ਵੀ ਸ਼ਾਬਾਸ਼-ਸ਼ਾਬਾਸ਼ ਕਹਿ ਰਹੇ ਹਨ, ਪਰ ਮੇਰੇ ਵਰਗੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਅੱਗੇ ਜੁਆਬ-ਦੇਵ ਹੋਣਾ ਅਤਿ ਔਖਾ ਹੋ ਗਿਆ। ਮੇਰੀ ਜ਼ਮੀਰ ਇਜ਼ਾਜਤ ਨਹੀਂ ਦਿੰਦੀ ਕਿ ਮੈਂ, ਤੁਹਾਡੇ ਵੱਲੋਂ ਇਹੋ ਜਿਹੇ ਬੇ-ਅਸੂਲੇ, ਬੇ-ਤਰਤੀਬੇ ਮਤਲਬ ਸਿਆਣਪ ਤੋਂ ਕੋਹਾਂ ਦੂਰ ਲਏ ਫੈਸਲਿਆ ਨੂੰ ਲੋਕਾਂ ਵਿੱਚ ਲੈ ਕੇ ਜਾਵਾਂ ।ਮੈਂ ਲੋਕਾਂ ਵਿੱਚ ਜਾਣ ਚ' ਸ਼ਰਮ ਮਹਿਸੂਸ ਕਰਦਾ ਹਾਂ।ਸੋ ਇਸ ਕਰਕੇ ਅੱਜ ਮੈਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਾ ਹਾਂ। ਮੇਰੇ ਮਨ ਤੇ ਪਾਰਟੀ ਛੱਡਣ ਸਮੇਂ ਕਿਸੇ ਤਰ੍ਹਾ ਦਾ ਕੋਈ ਬੋਝ ਨਹੀਂ ਕਿਉਕਿ ਮੈ ਕੋਈ ਰੇਤਾ ਦਾ ਖੱਡਾ, ਬੱਸ ਪਰਮਿੰਟ ਜਾਂ ਕੋਈ ਠੇਕਾ ਨਹੀਂ ਸੀ ਲਿਆ।
ਸਿਆਸੀ ਸਕੱਤਰ ਰਹਿੰਦਿਆਂ ਤੁਸੀਂ ਬਹੁਤ ਭਰੋਸੇ ਨਾਲ ਗੁਪਤ ਸਿਆਸੀ ਭੇਦ ਮੇਰੇ ਨਾਲ ਸਾਂਝੇ ਕੀਤੇ ਹਨ, 'ਵਾਅਦਾ ਕਰਦਾਂ ਹਾਂ ਉਹ ਹਮੇਸ਼ਾ ਭੇਦ ਹੀ ਰਹਿਣਗੇ'।

SHARE ARTICLE

ਏਜੰਸੀ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement