
ਹੁਣ ਸੱਭ ਨਜ਼ਰਾਂ ਚੰਨੀ ਸਰਕਾਰ ਦੀ ਨਵੀਂ ਮੰਤਰੀ ਟੀਮ 'ਤੇ ਲਗੀਆਂ
ਅੱਧੀ ਦਰਜਨ ਪੁਰਾਣੇ ਮੰਤਰੀਆਂ ਦੀ ਕੁਰਸੀ ਖ਼ਤਰੇ 'ਚ, ਇੰਨੇ ਹੀ ਨਵੇਂ ਚਿਹਰੇ ਹੋ ਸਕਦੇ ਹਨ ਸ਼ਾਮਲ
ਚੰਡੀਗੜ੍ਹ, 22 ਸਤੰਬਰ (ਗੁਰਉਪਦੇਸ਼ ਭੁੱਲਰ): ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਦੇ ਉਪ ਮੁੱਖ ਮੰਤਰੀ ਬਣ ਜਾਣ ਤੋਂ ਬਾਅਦ ਹੁਣ ਸੱਭ ਨਜ਼ਰਾਂ ਮੰਤਰੀ ਮੰਡਲ ਦੀ ਬਣਾਈ ਜਾਣ ਵਾਲੀ ਨਵੀਂ ਟੀਮ 'ਤੇ ਟਿਕੀਆਂ ਹੋਈਆਂ ਹਨ | ਇਸ ਸਬੰਧ ਵਿਚ ਜਿਥੇ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਦੀਆਂ ਬੀਤੇ ਦਿਨੀਂ ਦਿੱਲੀ ਵਿਚ ਹਾਈਕਮਾਨ ਨਾਲ ਮੀਟਿੰਗਾਂ ਵਿਚ ਮੁਢਲਾ ਵਿਚਾਰ ਵਟਾਂਦਰਾ ਹੋ ਚੁੱਕਾ ਹੈ ਪਰ ਹਾਲੇ ਨਵੇਂ ਮੰਤਰੀ ਮੰਡਲ ਦੀ ਸੂਚੀ ਫ਼ਾਈਨਲ ਨਹੀਂ ਹੋਈ ਤੇ ਹਾਲੇ ਵੀ ਵਿਚਾਰ ਵਟਾਂਦਰੇ ਚਲ ਰਹੇ ਹਨ | ਇਹ ਵੀ ਖ਼ਬਰਾਂ ਮਿਲ ਰਹੀਆਂ ਹਨ ਕਿ ਨਵੇਂ ਮੁੱਖ ਮੰਤਰੀ ਕਿਸੇ ਤਰ੍ਹਾਂ ਦੇ ਭਿ੍ਸ਼ਟਾਚਾਰ ਦੇ ਦੋਸ਼ਾਂ ਵਾਲੇ ਕੈਪਟਨ ਸਰਕਾਰ ਵਿਚ ਰਹੇ ਮੰਤਰੀਆਂ ਨੂੰ ਮੁੜ ਮੰਤਰੀ ਬਣਾਉਣ ਦੇ ਹੱਕ ਵਿਚ ਨਹੀਂ ਤੇ ਸਾਫ਼ ਅਕਸ ਵਾਲੇ ਨਵੇਂ ਤੇ ਨੌਜਵਾਨਾਂ ਚਿਹਰਿਆਂ ਨੂੰ ਸ਼ਾਮਲ ਕਰਨ ਤੋਂ ਇਲਾਵਾ ਵੱਖ ਵੱਖ ਖੇਤਰਾਂ ਤੇ ਵਰਗਾਂ ਦਾ ਸੰਤੁਲਨ ਬਣਾਉਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਾ ਅਪਣੇ ਸਾਥੀ ਸੀਨੀਅਰ ਮੈਂਬਰਾਂ ਨਾਲ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ |
ਅੱਜ ਦੇਰ ਰਾਤ ਜਾਂ ਕਲ੍ਹ ਤਕ ਮੰਤਰੀਆਂ ਦੀ ਸੂਚੀ ਨੂੰ ਹਾਈਕਮਾਨ ਵਲੋਂ ਪ੍ਰਵਾਨਗੀ ਮਿਲ ਸਕਦੀ ਹੈ ਤੇ ਇਸ ਹਫ਼ਤੇ ਦੌਰਾਨ ਸਹੁੰ ਚੁਕ ਸਮਾਗਮ ਹੋ ਸਕਦਾ ਹੈ | ਮਿਲੀ ਜਾਣਕਾਰੀ ਮੁਤਾਬਕ ਕੈਪਟਨ ਸਰਕਾਰ ਵਿਚ ਚਲ ਰਹੇ ਅੱਧੀ ਦਰਜਨ ਮੰਤਰੀਆਂ ਦੀ ਕੁਰਸੀ ਖ਼ਤਰੇ ਵਿਚ ਹੈ ਅਤੇ ਉਨ੍ਹਾਂ ਨੂੰ ਨਵੇਂ ਮੰਤਰੀ ਮੰਡਲ ਵਿਚ ਥਾਂ ਨਹੀਂ ਮਿਲੇਗੀ | ਇੰਨੇ ਹੀ ਲਗਭਗ ਨਵੇਂ ਮੰਤਰੀ ਬਣਾਏ ਜਾ ਸਕਦੇ ਹਨ | ਦੋਆਬਾ ਖੇਤਰ ਵਿਚੋਂ ਪ੍ਰਗਟ ਸਿੰਘ, ਨੌਜਵਾਨਾਂ ਵਿਚੋਂ ਕੁਲਜੀਤ ਸਿੰਘ ਨਾਗਰਾ ਤੇ ਰਾਜਾ ਵੜਿੰਗ, ਪਛੜੇ ਵਰਗ ਵਿਚੋਂ ਸੰਗਤ ਸਿੰਘ ਗਿਲਜੀਆਂ ਤੇ ਸੁਰਜੀਤ ਧੀਮਾਨ ਅਤੇ ਐਸ.ਸੀ. ਵਰਗ ਵਿਚੋਂ ਡਾ. ਰਾਜ ਕੁਮਾਰ ਵੇਰਕਾ ਤੇ ਸੁਖਵਿੰਦਰ ਡੈਨੀ ਦੇ ਨਾਵਾਂ ਉਤੇ ਵਿਚਾਰ ਹੋ ਰਹੀ ਹੈ | ਜਿਨ੍ਹਾਂ ਦੀ ਮੰਤਰੀ ਮੰਡਲ ਵਿਚ ਮੁੜ ਥਾਂ ਪੱਕੀ ਮੰਨੀ ਜਾ ਰਹੀ ਹੈ, ਉਨ੍ਹਾਂ ਵਿਚ ਮਨਪ੍ਰੀਤ ਬਾਦਲ, ਤਿ੍ਪਤ ਰਾਜਿੰਦਰ ਬਾਜਵਾ, ਸੁਖ ਸਰਕਾਰੀਆ, ਰਜ਼ੀਆ ਸੁਲਤਾਨਾ, ਅਰੁਨਾ ਚੌਧਰੀ, ਵਿਜੈਇੰਦਰ ਸਿੰਗਲਾ ਦੇ ਨਾਂ ਸ਼ਾਮਲ ਹਨ | ਹੁਣ ਸਾਰੀਆਂ ਨਜ਼ਰਾਂ ਹਾਈਕਮਾਨ ਦੀ ਪ੍ਰਵਾਨਗੀ ਵਲ ਹਨ |